ਆਪਣੀਆਂ ਰੋਜ਼ਾਨਾ ਦੀਆਂ ਸ਼ਾਖਾਵਾਂ ਵਿੱਚ ਲਾਠੀਆਂ ਚਲਾਉਣ ਤੇ ਸ਼ਸਤਰ ਪੂਜਾ ਦੇ ਨਾਂਅ ‘ਤੇ ਜੰਗ-ਖਾਧੇ ਨੇਜ਼ਿਆਂ-ਤਲਵਾਰਾਂ ਨੂੰ ਪੂਜਣ ਵਾਲੇ ਰਾਸ਼ਟਰੀ ਸੋਇਮ ਸੇਵਕ ਸੰਘ ਨੂੰ ਜ਼ੈੱਨ ਜ਼ੀ ਦੇ ਰੋਹ ਦਾ ਡਰ ਸਤਾਉਣ ਲੱਗਾ ਹੈ | ਘੱਟੋ-ਘੱਟ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਨਾਗਪੁਰ ‘ਚ ਦੁਸਹਿਰੇ ਵਾਲੇ ਦਿਨ ਦੇ ਭਾਸ਼ਣ ਤੋਂ ਤਾਂ ਇਹੀ ਸੰਕੇਤ ਮਿਲਦਾ ਹੈ | ਉਸ ਨੇ ਆਪਣੇ ਸਾਲਾਨਾ ਭਾਸ਼ਣ ਵਿੱਚ ਨੇਪਾਲ ਦੇ ਹਾਲੀਆ ਜ਼ੈੱਨ ਜ਼ੀ (ਨੌਜਵਾਨ ਪੀੜ੍ਹੀ) ਅੰਦੋਲਨ ਨੂੰ ਅਰਾਜਕ ਦੱਸ ਕੇ ਉਸ ਦੀ ਨਿੰਦਾ ਕੀਤੀ | ਏਨੇ ਸਫਲ ਜਮਹੂਰੀ ਅੰਦੋਲਨ ਨੂੰ ਅਰਾਜਕ ਦੱਸਣ ਪਿੱਛੇ ਕਿਤੇ ਭਾਗਵਤ ਨੂੰ ਭਾਜਪਾ ਨੂੰ ਬਿਹਾਰ, ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ ਤੇ ਕੇਰਲਾ ਦੀਆਂ ਅਸੈਂਬਲੀ ਚੋਣਾਂ ਵਿੱਚ ਜ਼ੈੱਨ ਜ਼ੀ ਤੋਂ ਮਿਲਣ ਵਾਲੀ ਚੁਣੌਤੀ ਦਾ ਡਰ ਤਾਂ ਪ੍ਰੇਸ਼ਾਨ ਨਹੀਂ ਕਰ ਰਿਹਾ? ਕਿਤੇ ਨੇਪਾਲ ਤੇ ਲੱਦਾਖ ਦੇ ਜ਼ੈੱਨ ਜ਼ੀ ਅੰਦੋਲਨ ਵਿਚਾਲੇ ਸਮਾਨਤਾਵਾਂ ਨੇ ਤਾਂ ਭਾਗਵਤ ਨੂੰ ਉਨ੍ਹਾਂ ਨੂੰ ਅਰਾਜਕ ਦੱਸਣ ਲਈ ਮਜਬੂਰ ਤਾਂ ਨਹੀਂ ਕੀਤਾ? ਜੇ ਅਜਿਹਾ ਨਹੀਂ ਹੈ ਤਾਂ ਸਿਆਸੀ ਭਿ੍ਸ਼ਟਾਚਾਰ ਤੇ ਭਾਈ-ਭਤੀਜਾਵਾਦ ਖਿਲਾਫ ਘੱਟੋ-ਘੱਟ 76 ਨੇਪਾਲੀ ਨਾਗਰਿਕਾਂ ਦੇ ਬਲਿਦਾਨ ‘ਚੋਂ ਨਿਕਲੀ ਸਿਆਸੀ ਪਰਿਵਰਤਨ ਦੀ ਚੰਗਿਆੜੀ ਨੂੰ ਭਾਗਵਤ ਕਿਉਂ ਅਰਾਜਕ ਦੱਸਣ ਲੱਗਾ? ਲਗਦਾ ਹੈ ਕਿ ਭਾਗਵਤ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਫਿਰਕੂ ਵੰਡੀਆਂ ਵਿੱਚ ਉਲਝਾਏ ਜਾ ਚੁੱਕੇ ਦੇਸ਼ ਦੇ ਨੌਜਵਾਨ ਕਿਤੇ ਰੁਜ਼ਗਾਰ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਮੰਗ ਲੈ ਕੇ ਸੜਕਾਂ ‘ਤੇ ਨਾ ਉੱਤਰ ਆਉਣ | ਭਾਗਵਤ ਨੂੰ ਪਤਾ ਹੈ ਕਿ ਨੌਜਵਾਨਾਂ ਨੂੰ ਹਮੇਸ਼ਾ ‘ਆਈ ਲਵ ਮੁਹੰਮਦ’, ‘ਰਾਮ ਆਏਾਗੇ’, ‘ਕਾਸ਼ੀ ਵਿਸ਼ਵਨਾਥ ਤੇ ਕ੍ਰਿਸ਼ਨ ਜਨਮਭੂਮੀ ਲੈ ਕੇ ਰਹਾਂਗੇ’ ਵਰਗੇ ਸਮਾਜੀ ਦੁਫੇੜ ਪਾਉਣ ਵਾਲੇ ਨਾਅਰਿਆਂ ਵਿੱਚ ਉਲਝਾ ਕੇ ਨਹੀਂ ਰੱਖਿਆ ਜਾ ਸਕਦਾ | ਆਖਰ ਕਦੇ ਤਾਂ ਰੁਜ਼ਗਾਰ, ਬਰਾਬਰੀ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਮੰਗ ਕਰਨ ਲਈ ਨੌਜਵਾਨ ਲਾਮਬੰਦ ਹੋਣਗੇ ਹੀ | ਭਾਗਵਤ ਨੂੰ ਡਰ ਸਤਾ ਰਿਹਾ ਹੈ ਕਿ ਲੇਹ-ਲੱਦਾਖ ਤੇ ਨੇਪਾਲ ਦੇ ਜ਼ੈੱਨ ਜ਼ੀ ਅੰਦੋਲਨ ਭਾਰਤ ਵਿੱਚ ਨਾ ਫੈਲ ਜਾਣ, ਕਿਉਂਕਿ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੇ ਸ਼ਾਹ ਦੀ ਗ਼ੈਰ ਜਮਹੂਰੀ ਕਾਰਜਸ਼ੈਲੀ ਖਿਲਾਫ ਆਪਣਾ ਰੋਹ 2024 ਵਿੱਚ ਭਾਜਪਾ ਨੂੰ ਬਹੁਮਤ ਤੋਂ ਵਾਂਝੇ ਕਰਕੇ ਜਤਾਇਆ ਜਾ ਚੁੱਕਿਆ ਹੈ |
ਭਾਗਵਤ ਦੇ ਬਿਆਨ ਨੂੰ ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਦੀ ਗਿ੍ਫਤਾਰੀ ਦੇ ਦੇਸ਼-ਭਰ ਵਿੱਚ ਹੋ ਰਹੇ ਵਿਰੋਧ ਨੂੰ ਕੁਚਲਣ ਦੀ ਸਰਕਾਰੀ ਨੀਤੀ ਦੀ ਤਿਆਰੀ ਦਾ ਸੰਕੇਤ ਵੀ ਮੰਨਿਆ ਜਾ ਸਕਦਾ ਹੈ | ਕੱੁਲ ਮਿਲਾ ਕੇ ਜ਼ੈੱਨ ਜ਼ੀ ਅੰਦੋਲਨ ਨੂੰ ਭਾਗਵਤ ਵੱਲੋਂ ਅਰਾਜਕ ਦੱਸਣਾ ਹੁਕਮਰਾਨਾਂ ਦੀ ਅਜਿਹੇ ਦੇਸ਼ਵਿਆਪੀ ਅੰਦੋਲਨ ਦੇ ਖਦਸ਼ੇ ਪ੍ਰਤੀ ਘਬਰਾਹਟ ਦੇ ਨਾਲ ਹੀ ਉਸ ਨੂੰ ਕੁਚਲਣ ਦੀ ਚਿਤਾਵਨੀ ਵੀ ਮੰਨਿਆ ਜਾ ਸਕਦਾ ਹੈ |



