ਰਾਜਵੀਰ ਜਵੰਦਾ ਨੂੰ ਨਮ ਅੱਖਾਂ ਨਾਲ ਵਿਦਾਈ

0
110

ਜਗਰਾਉਂ : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਸਸਕਾਰ ਕੀਤਾ ਗਿਆ। ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਸਸਕਾਰ ਸਕੂਲ ਦੇ ਉਸੇ ਮੈਦਾਨ ਵਿਚ ਕੀਤਾ ਗਿਆ, ਜਿੱਥੇ ਰਾਜਵੀਰ ਬਚਪਨ ਵਿੱਚ ਖੇਡਿਆ ਕਰਦਾ ਸੀ ਅਤੇ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਉਸ ਨੇ ਇੱਕ ਸਟਾਰ ਪਰਫਾਰਮਰ ਵਜੋਂ ਕੰਸਰਟ ਵੀ ਕਰਵਾਏ ਸਨ। ਜਵੰਦਾ ਨਿਵਾਸ ਤੋਂ ਪਿੰਡ ਦੇ ਸਰਕਾਰੀ ਸਕੂਲ ਤੱਕ ਦੀ ਅੰਤਿਮ ਯਾਤਰਾ ਵਿਚ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਕਲਾ ਪ੍ਰੇਮੀਆਂ ਸਮੇਤ ਹਜ਼ਾਰਾਂ ਪ੍ਰਸ਼ੰਸਕ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਵੰਦਾ ਨਿਵਾਸ ਪਹੁੰਚ ਕੇ ਮਰਹੂਮ ਗਾਇਕ ਦੀ ਵਿਧਵਾ ਮਾਤਾ ਪਰਮਜੀਤ ਕੌਰ ਤੇ ਹੋਰ ਪਰਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮਾਨ ਨੇ ਕਿਹਾ ਕਿ ਨੌਜਵਾਨ ਗਾਇਕ ਦੇ ਦੇਹਾਂਤ ਨਾਲ ਸੂਬੇ ਦੇ ਸਮਕਾਲੀ ਸਾਹਿਤ, ਸੱਭਿਆਚਾਰ ਤੇ ਕਲਾ ਦੇ ਖ਼ੇਤਰ ਨੂੰ ਵੱਡਾ ਘਾਟਾ ਪਿਆ ਹੈ। ਮਾਨ ਨੇ ਕਿਹਾ ਕਿ ਜਵੰਦਾ ਭਰ ਜਵਾਨੀ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੈਦਾ ਹੋਇਆ ਖਲਾਅ ਨੇੜ ਭਵਿੱਖ ਵਿੱਚ ਭਰਿਆ ਜਾਣਾ ਆਸਾਨ ਨਹੀਂ ਹੋਵੇਗਾ।ਉਨ੍ਹਾ ਕਿਹਾ ਕਿ ਰਾਜਵੀਰ ਦੀ ਮੌਤ ਨਾਲ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਰਾਜਵੀਰ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਚੇਤਿਆਂ ਵਿੱਚ ਵਸਿਆ ਰਹੇਗਾ। ਰਾਜਵੀਰ ਨੇ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਤਰੱਕੀ ਲਈ ਅਹਿਮ ਯੋਗਦਾਨ ਦਿੱਤਾ।ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦਾ ਸਫ਼ੀਰ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸੀ, ਜੋ ਆਪਣੇ ਗੀਤਾਂ ਰਾਹੀਂ ਪ੍ਰਸੰਸਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਸਦਾ ਰਹੇਗਾ। ਪੰਜਾਬੀ ਗਾਇਕੀ ਦਾ ਪ੍ਰਤੀਕ ਜਵੰਦਾ ਹਮੇਸ਼ਾ ਉੱਭਰ ਰਹੇ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।ਕੁਲਵਿੰਦਰ ਬਿੱਲਾ, ਬੱਬੂ ਮਾਨ, ਕੰਵਰ ਗਰੇਵਾਲ, ਪੁਖਰਾਜ ਭੱਲਾ, ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਸਮੇਤ ਸੰਗੀਤ ਤੇ ਫ਼ਿਲਮ ਉਦਯੋਗ ਦੇ ਦਰਜਨਾਂ ਕਲਾਕਾਰਾਂ ਨੇ ਰਾਜਵੀਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਭੇਟ ਕੀਤੀ।