ਤਰਨ ਤਾਰਨ : ਪੰਜਾਬ ਸਰਕਾਰ ਵੱਲੋਂ ਪਾਵਰਕਾਮ ਅਤੇ ਟ੍ਰਾਂਸਕੋ ਦੇ ਅਦਾਰਿਆਂ ਦੀਆਂ ਬਹੁਤ ਕੀਮਤੀ ਜਾਇਦਾਦਾਂ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਵੇਚਣ ਦੀ ਤਜਵੀਜ਼ ਦੇ ਖਿਲਾਫ਼ ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ : 24) ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ (ਸੰਬੰਧਤ ਏਟਕ) ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਜਥੇਬੰਦੀਆਂ ਦੇ ਸੂਬਾ ਪੱਧਰੀ ਫੈਸਲੇ ਤਹਿਤ ਵੀਰਵਾਰ ਪਾਵਰਕਾਮ ਦੇ ਸਥਾਨਕ ਸਰਕਲ ਦਫਤਰ ਦੇ ਗੇਟ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦਾ ਜ਼ੋਰਦਾਰ ਪਿੱਟ-ਸਿਆਪਾ ਕੀਤਾ।ਇਸ ਮੌਕੇ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਚੈਨ ਸਿੰਘ ਸਰਹਾਲੀ ਨੇ ਕਿਹਾ ਕਿ ਦਹਾਕੇ ਪਹਿਲਾਂ ਪੰਚਾਇਤਾਂ ਵੱਲੋਂ ਦਾਨ ਦੇ ਤੌਰ ’ਤੇ ਬਿਜਲੀ ਬੋਰਡ ਨੂੰ ਦਿੱਤੀਆਂ ਜ਼ਮੀਨਾਂ ਜੋ ਹੁਣ ਬਹੁਤ ਮਹਿੰਗੇ ਮੁੱਲ ਦੀਆਂ ਹਨ, ਨੂੰ ਸਰਕਾਰ ਆਪਣੀਆਂ ਰਾਜਸੀ ਲੋੜਾਂ ਲਈ ਵੇਚਣ ਦੀ ਤਜਵੀਜ਼ ਬਣਾ ਰਹੀ ਹੈ, ਜਿਸ ਨੂੰ ਸੰਘਰਸ਼ਸ਼ੀਲ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ।ਮੁਲਾਜ਼ਮ ਅਤੇ ਕਿਸਾਨ ਆਗੂਆਂ ਨੇ ਹਾਕਮਾਂ ਦੇ ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਅਦਾਰੇ ਕੌਡੀਆਂ ਦੇ ਮੁੱਲ ਵੇਚਣ ਦੇ ਤਬਾਹਕੁੰਨ ਮਨਸੂਬਿਆਂ ਨੂੰ ਭਾਂਜ ਦੇਣ ਲਈ ਪੰਜਾਬ ਦੀਆਂ ਸਮੁੱਚੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਸ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀ ਵਿਰੁੱਧ ਤਿੱਖਾ ਅਤੇ ਸਿਰੜੀ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਆਗੂ ਮੇਜਰ ਸਿੰਘ ਮੱਲ੍ਹੀਆਂ, ਰਣਜੀਤ ਸਿੰਘ, ਫੈਡਰੇਸ਼ਨ ਏਟਕ ਦੇ ਪੂਰਨ ਦਾਸ, ਕਵਲਜੀਤ ਕੌਰ, ਮਨਜੀਤ ਸਿੰਘ ਖੇਲਾ, ਅਕਾਊਂਟ ਕੇਡਰ ਦੇ ਸਿਮਰਨਜੀਤ ਸਿੰਘ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਆਗੂ ਅਵਤਾਰ �ਿਸ਼ਨ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।





