3100 ਤੋਂ ਵੱਧ ਅੱਤ-ਆਧੁਨਿਕ ਸਟੇਡੀਅਮ ਬਣਨਗੇ

0
140

ਕਾਲਝਰਾਨੀ (ਬਠਿੰਡਾ) : ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰ ਕੇ ਨਸ਼ਿਆਂ ਵਿਰੁੱਧ ਜੰਗ ਨੂੰ ਸਿਖ਼ਰ ਉੱਤੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦੀ ਇਕ ਵੱਡ-ਆਕਾਰੀ ਯੋਜਨਾ ਦੀ ਸ਼ੁਰੂਆਤ ਕੀਤੀ।
ਇੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਵਰਤਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ਇਹ ਖੇਡ ਮੈਦਾਨ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਰੰਗਲਾ ਪੰਜਾਬ’ ਮੁਹਿੰਮ ਨੂੰ ਸਿਖ਼ਰ ਉੱਤੇ ਲੈ ਜਾ ਕੇ ਮਹੱਤਵਪੂਰਨ ਯੋਗਦਾਨ ਪਾਉਣਗੇ। ਕੇਜਰੀਵਾਲ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਵੱਡੀ ਆਬਾਦੀ ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ, ਇਹ ਖੇਡ ਮੈਦਾਨ ਅੱਧੇ ਏਕੜ ਤੋਂ ਚਾਰ ਏਕੜ ਤੱਕ ਦੇ ਰਕਬੇ ਵਿੱਚ ਬਣਾਏ ਜਾਣਗੇ।ਉਨ੍ਹਾ ਕਿਹਾ ਕਿ 2022 ਤੋਂ ਪਹਿਲਾਂ ਖੇਡਾਂ ਦਾ ਬਜਟ ਸਿਰਫ਼ 100 ਕਰੋੜ ਰੁਪਏ ਸੀ, ਜਦੋਂ ਕਿ ਮੌਜੂਦਾ ਸਰਕਾਰ ਨੇ ਇਸ ਨੂੰ ਵਧਾ ਕੇ ਇਕ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਇਕ ਸੀਨੀਅਰ ਸਿਆਸੀ ਆਗੂ, ਜਿਸ ਨੂੰ ਕਦੇ ਅਜਿੱਤ ਮੰਨਿਆ ਜਾਂਦਾ ਸੀ, ਹੁਣ ਜੇਲ੍ਹ ਵਿੱਚ ਸੜ ਰਿਹਾ ਹੈ। ਉਨ੍ਹਾ ਕਿਹਾ ਕਿ ਲੋਕ ਕਹਿੰਦੇ ਸਨ ਕਿ ਕੋਈ ਉਸ ਨੂੰ ਗਿ੍ਰਫ਼ਤਾਰ ਨਹੀਂ ਕਰ ਸਕਦਾ, ਪਰ ਅਸੀਂ ਅਜਿਹਾ ਕਰ ਕੇ ਦਿਖਾਇਆ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦਾ ਨਾਪਾਕ ਗਠਜੋੜ ਬੇਨਕਾਬ ਹੋਇਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚਾ ਨਿਗੂਣਾ ਸੀ, ਪਰ ਹੁਣ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਚਾਰ ਕੌਮੀ ਟੀਮਾਂ ਦੀ ਕਪਤਾਨੀ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਹਰਮਨਪ੍ਰੀਤ ਕੌਰ, ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਸਿੰਘ ਸ਼ਾਮਲ ਹਨ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਨੌਂ ਪੰਜਾਬੀ ਖਿਡਾਰੀ ਕੌਮੀ ਹਾਕੀ ਟੀਮ ਦੇ ਮੈਂਬਰ ਹਨ, ਜੋ ਦਰਸਾਉਦਾ ਹੈ ਕਿ ਸੂਬਾ ਖੇਡਾਂ ਦੇ ਖੇਤਰ ਵਿੱਚ ਕਿਵੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।
ਬਾਦਲ ਪਰਵਾਰ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲੰਮੇ ਸਮੇਂ ਤੱਕ ਸੱਤਾ ਦਾ ਆਨੰਦ ਮਾਣਿਆ ਅਤੇ ਆਪਣੇ ਕੁਸ਼ਾਸਨ ਦੌਰਾਨ ਉਹ ਫ਼ਿਲਮੀ ਸਿਤਾਰਿਆਂ ’ਤੇ ਪੈਸਾ ਲੁਟਾਉਦੇ ਸਨ। ਪਹਿਲਾਂ ਖੇਡ ਮੰਤਰੀਆਂ ਨੂੰ ਖੇਡਾਂ ਦੀ ਕੋਈ ਸਮਝ ਨਹੀਂ ਸੀ, ਰਾਜਨੀਤਕ ਆਗੂਆਂ ਦਾ ਖੇਡ ਐਸੋਸੀਏਸ਼ਨਾਂ ’ਤੇ ਕੰਟਰੋਲ ਸੀ ਅਤੇ ਉਹ ਸਰਕਾਰੀ ਖ਼ਰਚੇ ’ਤੇ ਸੁੱਖ ਸਹੂਲਤਾਂ ਦਾ ਆਨੰਦ ਮਾਣਦੇ ਸਨ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ 300 ਕੋਚ ਨਿਯੁਕਤ ਕੀਤੇ ਹਨ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਅੱਠ ਲੱਖ ਰੁਪਏ ਦਿੱਤੇ ਜਾਂਦੇ ਹਨ।ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ, ਮੁੱਖ ਸਕੱਤਰ ਕੇ ਏ ਪੀ ਸਿਨਹਾ ਤੇ ਹੋਰ ਹਾਜ਼ਰ ਸਨ।