ਨਿਤੀਸ਼ ਕੁਮਾਰ 2005 ਤੋਂ ਬਿਹਾਰ ਦੇ ਮੁੱਖ ਮੰਤਰੀ ਚਲੇ ਆ ਰਹੇ ਹਨ। ਇੱਕ ਵਾਰ ਲੋਕ ਸਭਾ ਚੋਣਾਂ ਵਿੱਚ ਜਨਤਾ ਦਲ (ਯੂ) ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਅਕਸ ਸੁਧਾਰਨ ਲਈ ਕੁਝ ਸਮੇਂ ਲਈ ਜੀਤਨ ਰਾਮ ਮਾਂਝੀ ਨੂੰ ਸੱਤਾ ਸੌਂਪੀ ਸੀ, ਪਰ ਛੇਤੀ ਬਾਅਦ ਮੁੜ ਮੁੱਖ ਮੰਤਰੀ ਦੀ ਕੁਰਸੀ ’ਤੇ ਕਾਬਜ਼ ਹੋ ਗਏ ਸਨ। 2025 ਦੀਆਂ ਅਸੰਬਲੀ ਚੋਣਾਂ ਵੀ ਐੱਨ ਡੀ ਏ ਉਨ੍ਹਾ ਦੀ ਅਗਵਾਈ ਵਿੱਚ ਲੜਨ ਦਾ ਦਾਅਵਾ ਕਰ ਰਿਹਾ ਹੈ। ਮੁੱਖ ਮੰਤਰੀ ਵਜੋਂ ਨੌਵੀਂ ਪਾਰੀ ਖੇਡ ਰਹੇ ਸਮਾਜੀ ਨਿਆਂ ਦੇ ਅਲੰਬਰਦਾਰ ਹੋਣ ਦਾ ਦਾਅਵਾ ਕਰਨ ਵਾਲੇ ਨਿਤੀਸ਼ ਕੁਮਾਰ ਦੇ ਰਾਜ ਵਿੱਚ ਦਲਿਤਾਂ ਦੀ ਹਾਲਤ ਵਿੱਚ ਕਿੰਨਾ ਸੁਧਾਰ ਹੋਇਆ ਹੈ, ਇਸ ਦਾ ਨਮੂਨਾ ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਆਦਿਵਾਸੀ ਆਰਗੇਨਾਈਜ਼ੇਸ਼ਨ ਦੀ ਤਾਜ਼ਾ ਰਿਪੋਰਟ ‘ਬਿਹਾਰ : ਦਲਿਤ ਕੀ ਚਾਹੁੰਦੇ ਹਨ’ ਤੋਂ ਮਿਲਦਾ ਹੈ। 2011 ਦੀ ਜਨਗਣਨਾ ਤੇ 2023 ਦੇ ਬਿਹਾਰ ਜਾਤੀ ਸਰਵੇਖਣ ਦੇ ਅੰਕੜਿਆਂ ’ਤੇ ਆਧਾਰਤ ਇਸ ਰਿਪੋਰਟ ਵਿੱਚ ਬਿਹਾਰ ਦੇ ਦਲਿਤ ਭਾਈਚਾਰੇ ਦੀ ਸਮਾਜੀ, ਵਿੱਦਿਅਕ, ਆਰਥਕ ਤੇ ਮਨੁੱਖੀ ਅਧਿਕਾਰ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ 2011 ਦੀ ਜਨਗਣਨਾ ਮੁਤਾਬਕ ਬਿਹਾਰ ਵਿੱਚ 1.65 ਕਰੋੜ, ਯਾਨੀ ਕੁੱਲ ਆਬਾਦੀ ਦਾ 15.9 ਫੀਸਦੀ ਦਲਿਤ ਵਸਦੇ ਸਨ। ਬਿਹਾਰ ਜਾਤੀ ਸਰਵੇਖਣ ਮੁਤਾਬਕ ਸੂਬੇ ਦੀ 13.07 ਕਰੋੜ ਦੀ ਆਬਾਦੀ ਵਿੱਚ ਇਨ੍ਹਾਂ ਦੀ ਗਿਣਤੀ ਲਗਭਗ 2.57 ਕਰੋੜ, ਯਾਨੀ ਕਿ 19.65 ਫੀਸਦੀ ਸੀ। ਬਿਹਾਰ ਦੇਸ਼ ਦਾ ਤੀਜਾ ਸਭ ਤੋਂ ਵੱਡਾ ਦਲਿਤ ਆਬਾਦੀ ਵਾਲਾ ਸੂਬਾ ਹੈ, ਜਿੱਥੇ ਭਾਰਤ ਦੀ ਕੁੱਲ ਦਲਿਤ ਵਸੋਂ ਦਾ 8.5 ਫੀਸਦੀ ਹਿੱਸਾ ਰਹਿੰਦਾ ਹੈ। ਰਿਪੋਰਟ ਮੁਤਾਬਕ ਬਿਹਾਰ ਵਿੱਚ ਦਲਿਤਾਂ ਦੀ ਸਾਖਰਤਾ ਦਰ ਕੌਮੀ ਔਸਤ 66.1 ਫੀਸਦੀ ਦੇ ਮੁਕਾਬਲੇ 55.9 ਫੀਸਦੀ ਹੈ। ਦਲਿਤ ਮਹਿਲਾਵਾਂ ਦੀ ਸਾਖਰਤਾ ਦਰ ਚਿੰਤਾਜਨਕ ਹੈ, ਜੋ ਕਿ ਸਿਰਫ 43.4 ਫੀਸਦੀ ਹੈ, ਮਰਦਾਂ ਦੀ ਦਰ 66.5 ਫੀਸਦੀ ਹੈ। ਦਲਿਤਾਂ ਵਿੱਚ ਸ਼ਾਮਲ ਮੁਸਹਰ ਭਾਈਚਾਰੇ ਦੀ ਸਾਖਰਤਾ ਦਰ 20 ਫੀਸਦੀ ਤੋਂ ਵੀ ਘੱਟ ਹੈ, ਜੋ ਦੇਸ਼ ਦੇ ਕਿਸੇ ਵੀ ਭਾਈਚਾਰੇ ਨਾਲੋਂ ਘੱਟ ਹੈ। ਉੱਚ ਸਿੱਖਿਆ ਵਿੱਚ ਵੀ ਦਲਿਤਾਂ ਦੀ ਭਾਗੀਦਾਰੀ ਬੇਹੱਦ ਘੱਟ ਹੈ। ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ (2021-22) ਮੁਤਾਬਕ ਕਾਲਜਾਂ ਵਿੱਚ ਦਲਿਤ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਹਿੱਸਾ ਕ੍ਰਮਵਾਰ 5.7 ਫੀਸਦੀ ਤੇ 5.6 ਫੀਸਦੀ ਸੀ। ਦਲਿਤ ਭਾਈਚਾਰਾ ਅਸੁਰੱਖਿਅਤ ਤੇ ਘੱਟ ਉਜਰਤ ਵਾਲੀਆਂ ਨੌਕਰੀਆਂ ਵਿੱਚ ਵਧੇਰੇ ਹੈ। 63.4 ਫੀਸਦੀ ਦਲਿਤ ਗੈਰ-ਕੰਮਕਾਜੀ ਹਨ, ਜਿਨ੍ਹਾਂ ਵਿੱਚ ਬਹੁਤੇ ਨੌਜਵਾਨ ਤੇ ਮਹਿਲਾਵਾਂ ਹਨ। ਕੰਮਕਾਜੀ ਦਲਿਤਾਂ ਵਿੱਚ 46 ਫੀਸਦੀ ਸੀਮਾਂਤ ਮਜ਼ਦੂਰ ਹਨ, ਜਿਨ੍ਹਾਂ ਨੂੰ ਸਾਲ ਵਿੱਚ ਛੇ ਮਹੀਨਿਆਂ ਤੋਂ ਵੀ ਘੱਟ ਕੰਮ ਮਿਲਦਾ ਹੈ। ਸਿਰਫ 21 ਫੀਸਦੀ ਹੀ ਕੁਲਵਕਤੀ ਕਾਮੇ ਹਨ ਅਤੇ ਉਹ ਵੀ ਬੇਜ਼ਮੀਨੇ ਖੇਤੀ ਮਜ਼ਦੂਰ ਤੇ ਆਰਜ਼ੀ ਮਜ਼ਦੂਰ ਹਨ। ਸਰਕਾਰੀ ਨੌਕਰੀਆਂ ਵਿੱਚ ਦਲਿਤਾਂ ਦੀ ਹਿੱਸੇਦਾਰੀ ਸਿਰਫ 1.3 ਫੀਸਦੀ ਹੈ, ਜਿਹੜੀ ਉਨ੍ਹਾਂ ਦੇ ਰਿਜ਼ਰਵੇਸ਼ਨ ਕੋਟੇ ਨਾਲੋਂ ਕਿਤੇ ਘੱਟ ਹੈ। ਕੌਮੀ ਪਰਵਾਰ ਸਿਹਤ ਸਰਵੇਖਣ-5 ਦੇ ਅੰਕੜਿਆਂ ਮੁਤਾਬਕ ਦਲਿਤ ਭਾਈਚਾਰੇ ਵਿੱਚ ਬੱਚਾ ਮੌਤ ਦਰ (ਇੱਕ ਹਜ਼ਾਰ ਪਿੱਛੇ 55), ਜੱਚਾ ਮੌਤ ਦਰ (ਇੱਕ ਲੱਖ ਪਿੱਛੇ 130) ਅਤੇ ਕੁਪੋਸ਼ਣ ਦਰ ਹੋਰਨਾਂ ਭਾਈਚਾਰਿਆਂ ਦੀ ਤੁਲਨਾ ਵਿੱਚ ਵਧੇਰੇ ਹੈ। 49 ਫੀਸਦੀ ਦਲਿਤ ਬੱਚੇ ਬੌਣੇ ਤੇ 47.9 ਫੀਸਦੀ ਘੱਟ ਵਜ਼ਨ ਵਾਲੇ ਹੁੰਦੇ ਹਨ। ਬਿਹਾਰ ਵਿੱਚ ਦਲਿਤਾਂ ਦੀ ਗਰੀਬੀ ਦਾ ਪ੍ਰਮੁੱਖ ਕਾਰਨ ਉਨ੍ਹਾਂ ਕੋਲ ਜ਼ਮੀਨ ਨਾ ਹੋਣਾ ਹੈ। ਸੂਬੇ ਦੀ 19.65 ਫੀਸਦੀ ਦਲਿਤ ਆਬਾਦੀ ਕੋਲ ਸਿਰਫ 11.67 ਫੀਸਦੀ ਖੇਤੀ ਯੋਗ ਜ਼ਮੀਨ ਹੈ। 84 ਫੀਸਦੀ ਤੋਂ ਵੱਧ ਦਲਿਤ ਪਰਵਾਰ ਬੇਜ਼ਮੀਨੇ ਹਨ ਅਤੇ ਜਿਨ੍ਹਾਂ ਕੋਲ ਜ਼ਮੀਨ ਹੈ, ਉਹ ਔਸਤਨ ਅੱਧੇ ਏਕੜ ਤੋਂ ਵੀ ਘੱਟ ਹੈ। ਦਲਿਤ ਪਰਵਾਰਾਂ ਦੀ ਔਸਤ ਪ੍ਰਤੀ ਵਿਅਕਤੀ ਮਾਸਕ ਆਮਦਨ 6480 ਰੁਪਏ ਹੈ, ਜੋ ਸੂਬੇ ਦੀ ਔਸਤ ਨਾਲੋਂ 40 ਫੀਸਦੀ ਘੱਟ ਹੈ। ਬਿਹਾਰ ਦਾ ਬਜਟ ਵੀ ਇਨ੍ਹਾਂ ਨਾਲ ਘੋਰ ਵਿਤਕਰਾ ਕਰਦਾ ਹੈ। 2013-14 ਵਿੱਚ ਕੁੱਲ ਬਜਟ 80,405 ਕਰੋੜ ਰੁਪਏ ਸੀ, ਜੋ 2025-26 ਵਿੱਚ ਵਧ ਕੇ 3,16,895 ਕਰੋੜ ਰੁਪਏ ਹੋ ਗਿਆ। ਹਾਲਾਂਕਿ ਐੱਸ ਸੀ/ ਐੱਸ ਟੀ/ਓ ਬੀ ਸੀ ਲਈ ਫੰਡ ਦੁੱਗਣਾ ਹੋਇਆ, ਪਰ ਉਨ੍ਹਾਂ ਦਾ ਕੁੱਲ ਹਿੱਸਾ 2.59 ਫੀਸਦੀ ਤੋਂ ਘਟ ਕੇ 1.29 ਫੀਸਦੀ ਰਹਿ ਗਿਆ। ਦਲਿਤਾਂ ਦੀ ਬਦਹਾਲ ਸਥਿਤੀ ਨੂੰ ਉਜਾਗਰ ਕਰਦੀ ਇਹ ਰਿਪੋਰਟ ਇੱਕ ਵਾਰ ਫਿਰ ਅਸੰਬਲੀ ਚੋਣਾਂ ਵਿੱਚ ਕੁੱਦਣ ਵਾਲੀਆਂ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਵਾਲੀ ਹੈ।



