ਜਲੰਧਰ : ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੂਬਾ ਸਕੱਤਰੇਤ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਕਿ ਸੂਬਾ ਪਾਰਟੀ ਦੀ ਕਾਨਫਰੰਸ ਬਿਨਾਂ ਕਿਸੇ ਦੇਰੀ ਦੇ ਕਰ ਲਈ ਜਾਵੇ। ਸੂਬਾ ਕਾਨਫਰੰਸ ਲਈ ਤਰੀਕਾਂ ਵੀ 29-30 ਨਵੰਬਰ ਤਜਵੀਜ਼ ਕੀਤੀਆਂ ਗਈਆਂ ਅਤੇ 15 ਨਵੰਬਰ ਤੱਕ ਬਰਾਂਚਾਂ, ਬਲਾਕਾਂ ਜਾਂ ਤਹਿਸੀਲਾਂ ਅਤੇ ਜ਼ਿਲ੍ਹਾ ਕਾਨਫਰੰਸਾਂ ਮੁਕੰਮਲ ਕਰਨ ਦੀ ਤਜਵੀਜ਼ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਲੁਧਿਆਣਾ ਵਿਖੇ ਕਾਨਫਰੰਸ ਆਯੋਜਿਤ ਕਰਨ ਲਈ ਜ਼ਿਲ੍ਹਾ ਪਾਰਟੀ ਨੂੰ ਅਪੀਲ ਕੀਤੀ ਜਾਵੇ। ਕਾਨਫਰੰਸ ਦਾ ਅਧਾਰ ਪਾਰਟੀ ਕਾਂਗਰਸ ਦੀ ਤਰਜ਼ ’ਤੇ 2024 ਦੀ ਮੈਂਬਰਸ਼ਿਪ ਹੈ ਅਤੇ ਤਜਵੀਜ਼ ਅਨੁਸਾਰ ਹਰ 100 ਮੈਂਬਰਾਂ ਪਿੱਛੇ ਇਕ ਡੈਲੀਗੇਟ ਚੁਣਿਆ ਜਾਵੇਗਾ। ਇਹਨਾਂ ਸਾਰੀਆਂ ਤਜਵੀਜ਼ਾਂ ਨੂੰ ਮਨਜ਼ੂਰ ਕਰਵਾਉਣ ਲਈ ਚੰਡੀਗੜ੍ਹ ਪਾਰਟੀ ਦਫਤਰ ਵਿਖੇ 15-16 ਅਕਤੂਬਰ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਐਗਜ਼ੈਕਟਿਵ ਤੇ ਕੌਂਸਲ ਮੀਟਿੰਗ ਕੀਤੀ ਜਾ ਰਹੀ ਹੈ। ਐਗਜ਼ੈਕਟਿਵ ਮੀਟਿੰਗ 15 ਅਕਤੂਬਰ ਨੂੰ 12 ਵਜੇ ਅਤੇ 16 ਅਕਤੂਬਰ ਨੂੰ ਠੀਕ 11 ਵਜੇ ਸੂਬਾ ਕੌਂਸਲ ਮੀਟਿੰਗ ਸ਼ੁਰੂ ਕੀਤੀ ਜਾਵੇਗੀ। ਉਹਨਾ ਅਵਾਮੀ ਜਥੇਬੰਦੀਆਂ ਤੇ ਜ਼ਿਲ੍ਹਾ ਸਕੱਤਰਾਂ ਨੂੰ ਫੌਰਨ ਆਪਣੀਆਂ ਸੰਖੇਪ ਰਿਪੋਰਟਾਂ ਭੇਜਣ ਲਈ ਵੀ ਕਿਹਾ ਹੈ।





