ਓਸਲੋ : ਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਦੀ ਆਪੋਜ਼ੀਸ਼ਨ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਨੋਬੇਲ ਕਮੇਟੀ ਨੇ ਕਿਹਾ ਕਿ ਮਚਾਡੋ ਨੂੰ ਇਹ ਵੱਕਾਰੀ ਪੁਰਸਕਾਰ ‘ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਵਿੱਚ ਉਸ ਦੇ ਅਣਥੱਕ ਯਤਨਾਂ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿੱਚ ਇੱਕ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਸ ਦੇ ਸੰਘਰਸ਼ ਲਈ’ ਦਿੱਤਾ ਗਿਆ ਹੈ। ਮਚਾਡੋ ਲੋਕਤੰਤਰ ਦੀ ਲੋਅ ਨੂੰ ਵਧਦੇ ਹਨੇਰੇ ਵਿੱਚ ਜਗਦੀ ਰੱਖ ਰਹੀ ਹੈ।
ਕਮੇਟੀ ਨੇ ਕਿਹਾ ਕਿ ਉਸ ਨੇ ਇਸ ਵਾਰ ਵੈਨੇਜ਼ੁਏਲਾ ’ਤੇ ਧਿਆਨ ਕੇਂਦਰਤ ਕਰਨ ਦਾ ਫੈਸਲਾ ਕੀਤਾ, ਇਸ ਤੱਥ ਦੇ ਬਾਵਜੂਦ ਕਿ ਇਹ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ-ਵਾਰ ਜਨਤਕ ਬਿਆਨਾਂ ਕਾਰਨ ਖਬਰਾਂ ਵਿੱਚ ਰਿਹਾ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। ਨੋਬੇਲ ਕਮੇਟੀ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਜਾਂ ਉਨ੍ਹਾਂ ਦੇ ਸਮਰਥਕਾਂ ਦੇ ਦਬਾਅ ਹੇਠ ਕੰਮ ਕਰਨ ਦੀ ਆਦੀ ਨਹੀਂ, ਜੋ ਕਹਿੰਦੇ ਹਨ ਕਿ ਉਹ ਪੁਰਸਕਾਰ ਦੇ ਹੱਕਦਾਰ ਹਨ। ਨੋਬੇਲ ਕਮੇਟੀ ਦੇ ਨੇਤਾ ਫ੍ਰਾਈਡਨੇਸ ਨੇ ਦੱਸਿਆ, ‘ਸਾਰੇ ਸਿਆਸਤਦਾਨ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣਾ ਚਾਹੁੰਦੇ ਹਨ।’
ਪੁਰਸਕਾਰ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂਅ ਦੀ ਹਮਾਇਤ ਕਰੇਗਾ। ਮਚਾਡੋ ਨੂੰ 10 ਦਸੰਬਰ ਨੂੰ ਓਸਲੋ ਵਿੱਚ ਇਹ ਪੁਰਸਕਾਰ ਦਿੱਤਾ ਜਾਵੇਗਾ। ਉਸ ਨੂੰ ਕਰੀਬ ਸਾਢੇ 8 ਕਰੋੜ ਰੁਪਏ ਮਿਲਣਗੇ। 7 ਅਕਤੂਬਰ 1967 ਨੂੰ ਕਰਾਕਾਸ ਵਿੱਚ ਪੈਦਾ ਹੋਈ ਮਚਾਡੋ ਇੰਜੀਨੀਅਰ ਹੈ ਤੇ ਉਸ ਕੋਲ ਫਾਇਨੈਂਸ ਵਿੱਚ ਮਾਸਟਰਜ਼ ਡਿਗਰੀ ਵੀ ਹੈ। ਉਸ ਦਾ ਪਿਤਾ ਦੇਸ਼ ਵਿੱਚ ਵੱਡਾ ਸਟੀਲ ਕਾਰੋਬਾਰੀ ਹੈ। ਉਹ ਰਾਸ਼ਟਰਪਤੀ ਦੀ ਚੋਣ ਵੀ ਲੜ ਚੁੱਕੀ ਹੈ। ਅਮੀਰ ਖਾਨਦਾਨ ਵਿੱਚੋਂ ਹੋਣ ਕਰਕੇ ਉਹ ਹੁਕਮਰਾਨ ਸੋਸ਼ਲਿਸਟ ਪਾਰਟੀ ਦੇ ਨਿਸ਼ਾਨੇ ’ਤੇ ਰਹਿੰਦੀ ਹੈ। ਮਚਾਡੋ ਦੇਸ਼ ਦੀ ਸਰਕਾਰੀ ਤੇਲ ਕੰਪਨੀ ਸਣੇ ਹੋਰਨਾਂ ਕੰਪਨੀਆਂ ਦੇ ਨਿੱਜੀਕਰਨ ਦੀ ਵਕਾਲਤ ਕਰਦੀ ਹੈ।
ਟਰੰਪ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ ਅਗਵਾਈ ਵਾਲੀ ਸੋਸ਼ਲਿਸਟ ਸਰਕਾਰ ਨੂੰ ਉਲਟਾਉਣ ’ਤੇ ਉਤਾਰੂ ਹੈ ਤੇ ਉਸ ਨੇ ਉਸ ’ਤੇ ਕਈ ਪਾਬੰਦੀਆਂ ਲਾਈਆਂ ਹੋਈਆਂ ਹਨ। ਮਚਾਡੋ ਨੇ ਇਨ੍ਹਾਂ ਪਾਬੰਦੀਆਂ ਦੀ ਹਮਾਇਤ ਕੀਤੀ ਹੈ।



