ਮੋਗਾ : ਮੋਗਾ ਵਿੱਚ ਇੱਕ ਲੜਕੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਅਤੇ ਕਈ ਸਿਆਸੀ ਅਸਰ-ਰਸੂਖ ਰੱਖਦੇ ਵਿਅਕਤੀਆਂ ਨੇ ਉਸ ਨੂੰ ਦੇਹ ਵਪਾਰ ਦੀ ਦਲਦਲ ’ਚ ਧੱਕ ਦਿੱਤਾ ਅਤੇ ਨਸ਼ੇ ਦੀ ਲਤ ਲਾ ਦਿੱਤੀ। 7 ਸਾਲ ਤੱਕ ਸੰਤਾਪ ਝੱਲਣ ਮਗਰੋਂ ਹੁਣ ਮਹਿਲਾ ਏਡਜ਼ ਅਤੇ ਹੈਪੇਟਾਇਟਸ ਸੀ ਨਾਲ ਜੂਝ ਰਹੀ ਹੈ। ਮੋਗਾ ਦੇ ਪੁਲਸ ਥਾਣਾ ਸ਼ਹਿਰੀ ਦੱਖਣੀ ਵਿੱਚ ਦਰਜ ਕੀਤੀ ਗਈ ਐੱਫ ਆਈ ਆਰ ਮੁਤਾਬਕ 24 ਸਾਲਾ ਪੀੜਤ ਲੜਕੀ ਪਰਵਾਰ ਨੂੰ 27 ਸਤੰਬਰ ਨੂੰ ਬੇਹੋਸ਼ੀ ਦੀ ਹਾਲਤ ’ਚ ਮਿਲੀ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਐੱਫ ਆਈ ਆਰ ਮੁਤਾਬਕ ਮੁਟਿਆਰ ਨਾਲ ਇਸ ਸਾਰੇ ਵਰਤਾਰੇ ਦੀ ਸ਼ੁਰੂਆਤ 2017 ਵਿੱਚ ਹੋਈ, ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਮੁੱਖ ਮੁਲਜ਼ਮ ਗੌਰਵ ਉਰਫ਼ ਗੌਰੀ ਹੈ, ਜਿਸ ਨੇ ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ। ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਨਰਕ ਬਣ ਗਈ। ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਸਰੀਰਕ ਤਸੀਹੇ ਦਿੱਤੇ, ਉਸ ਨੂੰ ਨਸ਼ੀਲਾ ਪਦਾਰਥ ਲੈਣ ਲਈ ਮਜਬੂਰ ਕੀਤਾ ਅਤੇ ਉਸ ਨੂੰ ਹੋਰ ਆਦਮੀਆਂ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕਿਵੇਂ ਉਸ ਨੂੰ ਮੋਗਾ ਦੇ ਕਈ ਅਦਾਰਿਆਂ ਵਿੱਚ ਸੈਕਸ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਪੀੜਤਾ ਦੀ ਸ਼ਿਕਾਇਤ ਵਿੱਚ ਇੱਕ ਨਗਰ ਕੌਂਸਲਰ, ਇੱਕ ਸਰਪੰਚ ਅਤੇ ਇੱਕ ਹੋਟਲ ਦਾ ਕਥਿਤ ਮਾਲਕ, ਇੱਕ ਸਿਆਸੀ ਆਗੂ ਅਤੇ ਇੱਕ ਸਕਰੈਪ ਡੀਲਰ ਦਾ ਨਾਂਅ ਸ਼ਾਮਲ ਹੈ, ਸਾਰਿਆਂ ਖ਼ਿਲਾਫ਼ ਜਿਨਸੀ ਸੋਸ਼ਣ ਅਤੇ ਨਸ਼ੇ ਦੀ ਲਤ ਲਾਉਣ ਦਾ ਦੋਸ਼ ਲਾਇਆ ਗਿਆ ਹੈ। ਪੁਲਸ ਨੇ ਅਨੈਤਿਕ ਟਰੈਫਿਕ (ਰੋਕਥਾਮ) ਐਕਟ, 1956 ਦੀ ਧਾਰਾ 5 ਅਤੇ ਹੋਰ ਸੰਬੰਧਤ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸ ’ਚ ਗੌਰਵ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਹੈ।
ਪੀੜਤਾ ਦੇ ਬਿਆਨ ’ਚ ਨਾਮਜ਼ਦ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਮੋਗਾ ਦੇ ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੌਰਵ ਉਰਫ਼ ਗੌਰੀ ਮਾਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।



