ਪ੍ਰਧਾਨ ਮੰਤਰੀ ਵੱਲੋਂ 35,440 ਕਰੋੜ ਦੀਆਂ ਖੇਤੀ ਸਕੀਮਾਂ ਲਾਂਚ

0
91

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਕੁੱਲ 35,440 ਕਰੋੜ ਦੀ ਲਾਗਤ ਵਾਲੀਆਂ ਦੋ ਪ੍ਰਮੁੱਖ ਖੇਤੀਬਾੜੀ ਸਕੀਮਾਂ ਦੀ ਸ਼ੁਰੂਆਤ ਕੀਤੀ, ਜਿਸ ’ਚ ਦਾਲਾਂ ਵਿੱਚ ਆਤਮ-ਨਿਰਭਰਤਾ ਲਈ ਇੱਕ ਮਿਸ਼ਨ ਵੀ ਸ਼ਾਮਲ ਹੈ। ਉਨ੍ਹਾ ਕਿਸਾਨਾਂ ਨੂੰ ਘਰੇਲੂ ਤੇ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਦਾ ਸੱਦਾ ਦਿੱਤਾ। ਕੌਮੀ ਰਾਜਧਾਨੀ ਵਿਖੇ ਪੂਸਾ ਕੈਂਪਸ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ 2047 ਤੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਹੈ। ਮੋਦੀ ਨੇ ਕਿਹਾ ਕਿ ਦੋ ਵੱਡੀਆਂ ਯੋਜਨਾਵਾਂ (24,000 ਕਰੋੜ ਦੀ ਪ੍ਰਧਾਨ ਮੰਤਰੀ ਧਨ ਧਾਨਿਆ ਕਿ੍ਰਸ਼ੀ ਯੋਜਨਾ ਅਤੇ 11,440 ਕਰੋੜ ਦਾ ਮਿਸ਼ਨ ਫਾਰ ਆਤਮ-ਨਿਰਭਰਤਾ ਇਨ ਪਲਸੇਜ਼) ਲੱਖਾਂ ਕਿਸਾਨਾਂ ਦੀ ਕਿਸਮਤ ਬਦਲ ਦੇਣਗੀਆਂ। ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਖੁਰਾਕ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ, ਜਦੋਂ ਕਿ ਲਗਭਗ 815 ਕਰੋੜ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।