ਵਿਰੋਧੀ ਪਾਰਟੀਆਂ ਬਦਲਾਖ਼ੋਰੀ ਦੇ ਉਦੇਸ਼ ਨਾਲ ਚਾਹੁੰਦੀਆਂ ਸੱਤਾ : ਭਗਵੰਤ ਮਾਨ

0
113

ਰਾਮਪੁਰਾ ਫੂਲ ਵਿਖੇ ਨਵਾਂ ਬਣਿਆ ਰੇਲਵੇ ਓਵਰ ਬਿ੍ਰਜ ਲੋਕਾਂ ਨੂੰ ਸਮਰਪਤ

ਰਾਮਪੁਰਾ ਫੂਲ (ਬਠਿੰਡਾ) : ਪੰਜਾਬ ਸਰਕਾਰ ਵਿਰੁੱਧ ਗੁਮਰਾਹਕੁੰਨ ਪ੍ਰਚਾਰ ਲਈ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਿਰਫ਼ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਅਤੇ ਬਦਲਾਖੋਰੀ ਦੇ ਉਦੇਸ਼ ਨਾਲ ਸੱਤਾ ਵਿੱਚ ਆਉਣਾ ਚਾਹੁੰਦੇ ਹਨ।
ਇੱਥੇ ਰੇਲਵੇ ਓਵਰ ਬਿ੍ਰਜ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾ ਤੋਂ ਈਰਖਾ ਕਰਦੀਆਂ ਹਨ, ਕਿਉਕਿ ਉਹ ਇਹ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਇੱਕ ਆਮ ਪਰਵਾਰ ਨਾਲ ਸੰਬੰਧਤ ਵਿਅਕਤੀ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਿਹਾ ਹੈ। ਉਨ੍ਹਾ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ-ਵਿਰੋਧੀ ਅਤੇ ਪੰਜਾਬ-ਵਿਰੋਧੀ ਸਟੈਂਡ ਕਾਰਨ ਸੂਬੇ ਦੇ ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਬਰਬਾਦ ਕਰਨ ਜਾਂ ਸ੍ਰੀ ਹਰਿਮੰਦਰ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਸੁਖਬੀਰ ਸਿੰਘ ਬਾਦਲ ਦੇ ਕਿਸਾਨ ਹੋਣ ਦੇ ਦਾਅਵੇ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂ ਨੂੰ ਇਹ ਰਾਜ਼ ਹਰ ਇੱਕ ਨੂੰ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਖੇਤੀ ਕਰਕੇ ਏਨਾ ਵੱਡਾ ਟਰਾਂਸਪੋਰਟ ਕਾਰੋਬਾਰ ਅਤੇ ਹੋਟਲ ਕਿਵੇਂ ਬਣਾਏ ਜਾ ਸਕਦੇ ਹਨ। ਹਰ ਕੋਈ ਜਾਣਦਾ ਹੈ ਕਿ ਅਕਾਲੀਆਂ ਨੇ ਸੂਬੇ ਦੀ ਦੌਲਤ ਨੂੰ ਰੱਜ ਕੇ ਲੁੱਟਿਆ ਹੈ, ਜਿਸ ਨਾਲ ਉਨ੍ਹਾਂ ਆਪਣੇ ਇਹ ਵੱਡੇ ਕਾਰੋਬਾਰ ਸਥਾਪਤ ਕੀਤੇ ਹਨ। ਇਨ੍ਹਾਂ ਲੋਕਾਂ ਨੇ ਸੂਬੇ ਵਿੱਚ ਚਿੱਟੇ ਦਾ ਨਸ਼ਾ ਲਿਆਂਦਾ ਅਤੇ ਇਸ ਨੂੰ ਸਰਪ੍ਰਸਤੀ ਦਿੱਤੀ, ਜਿਸ ਨਾਲ ਵੱਡੇ ਪੱਧਰ ’ਤੇ ਪੀੜ੍ਹੀਆਂ ਦਾ ਘਾਣ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ 19,000 ਕਿਲੋਮੀਟਰ ਤੋਂ ਵੱਧ ਲਿੰਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਸਹੂਲਤ ਦੇਣਾ ਹੈ, ਕਿਉਕਿ ਇਹ ਲਿੰਕ ਸੜਕਾਂ ਲੋਕਾਂ ਤੱਕ ਸਾਮਾਨ ਅਤੇ ਸੇਵਾਵਾਂ ਦੀ ਆਵਾਜਾਈ ਅਤੇ ਸੁਚਾਰੂ ਆਵਾਜਾਈ ਵਿੱਚ ਪ੍ਰੇਰਕ ਵਜੋਂ ਕੰਮ ਕਰਦੀਆਂ ਹਨ। ਉਹਨਾ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸੂਬੇ ਨੂੰ ‘ਪਾਵਰ ਕੱਟ ਮੁਕਤ’ ਬਣਾਉਣ ਲਈ ਸੰਬੰਧਤ ਪ੍ਰੋਜੈਕਟ ’ਤੇ 5000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ, ਕਿਉਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਬਿਜਲੀ ਖੇਤਰ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਲਾਗੂ ਕੀਤੀ ਜਾ ਰਹੀ ਹੈ।
ਉਹਨਾ ਕਿਹਾ ਕਿ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਹਨ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਅਤੇ ਹੋਰ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਪ੍ਰੀਖਿਆ ਲਈ ਕੁਆਲੀਫਾਈ ਕੀਤਾ ਹੈ। ਇਸੇ ਤਰ੍ਹਾਂ 44 ਵਿਦਿਆਰਥੀਆਂ ਨੇ ਜੇ ਈ ਈ ਐਡਵਾਂਸਡ ਪ੍ਰੀਖਿਆ ਪਾਸ ਕਰਨ ਦੇ ਨਾਲ ਅਤੇ 848 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਲਈ ਕੁਆਲੀਫਾਈ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਨੂੰ ਗੁਆਂਢੀ ਜ਼ਿਲ੍ਹਿਆਂ ਦੇ ਲੋਕਾਂ ਖਾਸ ਕਰਕੇ ਮਾਲਵਾ ਖੇਤਰ ਦੇ ਲੋਕਾਂ ਲਈ ਇੱਕ ਇਤਿਹਾਸਕ ਦਿਨ ਵਜੋਂ ਯਾਦ ਕੀਤਾ ਜਾਵੇਗਾ, ਕਿਉਕਿ 56 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਰੇਲਵੇ ਓਵਰਬਿ੍ਰਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਹ 1,130 ਮੀਟਰ ਲੰਮਾ ਪੁਲ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ।