ਸ਼ਾਹਕੋਟ (ਗਿਆਨ ਸੈਦਪੁਰੀ)
ਅੱਜ ਉਸ ਘਟਨਾ ਨੂੰ ਇੱਕ ਸਾਤਾ ਬੀਤ ਗਿਆ ਹੈ, ਜਿਸ ਵਿੱਚ ਮਹਾਂਰਿਸ਼ੀ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਦੀ ਰਵਾਨਗੀ ਵੇਲੇ ਵੱਖ-ਵੱਖ ਸਿਆਸੀ ਆਗੂਆਂ ਅੰਦਰ ਫੀਤਾ ਕੱਟਣ ਦੀ ‘ਕਲਗੀ’ ਆਪਣੇ ਸਿਰ ਸਜਾਉਣ ਨੂੰ ਲੈ ਕੇ ਪਏ ‘ਧਮੱਚੜ’ ਸਮੇਂ ਸਿਆਸੀ ਸ਼ਰੀਕੇਬਾਜ਼ੀ ਦਾ ਖੁੱਲ੍ਹ ਕੇ ਪ੍ਰਗਟਾਵਾ ਹੋਇਆ ਸੀ | ਏਨੇ ਦਿਨ ਬੀਤ ਜਾਣ ਦੇ ਬਾਅਦ ਵੀ ਇਹ ਘਟਨਾ ਸਿਆਸੀ, ਸਮਾਜੀ ਤੇ ਧਾਰਮਿਕ ਖੁੰਢ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਕਿਧਰੇ ਕੁਝ ਲੋਕਾਂ ਵੱਲੋਂ ਸੰਜੀਦਗੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਕਿ ਅਜਿਹਾ ‘ਬੰਨ੍ਹ ਸੁਬ’ ਕਰਨਾ ਚਾਹੀਦਾ ਹੈ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ | ਕਈਆਂ ਵੱਲੋਂ ਇਸ ਘਟਨਾ ਉਪਰੰਤ ਧੁਖੀ ਅੱਗ ਨੂੰ ‘ਚੰਗਿਆੜੀ’ ਬਣਾਉਣ ਦੀਆਂ ਤਰਕੀਬਾਂ ਸੋਚੀਆਂ ਜਾ ਰਹੀਆਂ ਹਨ ਤੇ ਕਿਧਰੇ ‘ਵੋਟਾਂ ਵਾਲਿਆਂ’ ਨੂੰ ਧਾਰਮਿਕ ਰਸਮਾਂ ਦਾ ਹਿੱਸਾ ਨਾ ਬਣਾਉਣ ਬਾਰੇ ਵਿਚਾਰਾਂ ਹੋ ਰਹੀਆ ਹਨ | ਦੱਸ ਦੇਈਏ ਕਿ ਲੰਘੀ 7 ਅਕਤੂਬਰ ਨੂੰ ਮਹਾਂਰਿਸ਼ੀ ਵਾਲਮੀਕ ਦੇ ਪ੍ਰਗਟ ਦਿਵਸ ‘ਤੇ ਸ਼ਾਮ ਨੂੰ ਸ਼ਾਹਕੋਟ ਦੇ ਮੁਹੱਲਾ ਬਾਗ ਵਾਲਾ ਤੋਂ ਸ਼ੋਭਾ ਯਾਤਰਾ ਦਾ ਆਰੰਭ ਕਰਨ ਲਈ ਵੱਖ-ਵੱਖ ਸਿਆਸੀ ਆਗੂ ਆਏ ਹੋਏ ਸਨ | ਇਸ ਸ਼ੁਭ ਕਾਰਜ ਦਾ ਆਰੰਭ ਫੀਤਾ ਕੱਟ ਕੇ ਕੀਤਾ ਜਾਣਾ ਸੀ | ਸਿਆਸੀ ਆਗੂਆਂ ਵੱਲੋਂ ਆਪੋ-ਆਪਣੀ ਚੜ੍ਹਤ ਦਾ ਵਿਖਾਵਾ ਕਰਨ ਲਈ ਅਜਿਹੇ ਮੌਕਿਆਂ ਨੂੰ ਵਰਤਣਾ ਆਮ ਵਰਤਾਰਾ ਹੈ | ਅਜਿਹੇ ਵਰਤਾਰੇ ਮੁਤਾਬਕ ਹੀ ਉਸ ਦਿਨ ਵੀ ਫੀਤਾ ਕੱਟਣ ਦੇ ਮਾਮਲੇ ਵਿੱਚ ਸਿਆਸੀ ਆਗੂਆਂ ਦਰਮਿਆਨ ਗੱਲ ਤੂੰ-ਤੂੰ, ਮੈਂ-ਮੈਂ ਤੋਂ ਅੱਗੇ ਵਧ ਜਾਣੀ ਸੀ, ਜੇ ਸਥਾਨਕ ਪੁਲਸ ਤੇ ਪ੍ਰਬੰਧਕਾਂ ਵਿੱਚੋਂ ਸਿਆਣੇ ਬੰਦੇ ਸੂਝ-ਬੂਝ ਨਾ ਵਰਤਦੇ | ਪ੍ਰਤੱਖ ਦਰਸ਼ੀ ਦੱਸਦੇ ਹਨ ਕਿ ਹਾਜ਼ਰ ਸਿਆਸੀ ਆਗੂਆਂ ਵਿੱਚੋਂ ਇੱਕ ਨੂੰ ਪ੍ਰਬੰਧਕਾਂ ਵੱਲੋਂ ਫੀਤਾ ਕੱਟਣ ਲਈ ਕੈਂਚੀ ਦਿੱਤੀ ਗਈ | ਦੂਸਰੇ ਨੇ ਅੱਖ ਦੇ ਫੋਰ ਵਿੱਚ ਇਹ ਕੈਂਚੀ ਆਪਣੇ ‘ਕਬਜ਼ੇ’ ਵਿੱਚ ਕਰ ਲਈ ਗਈ | ਫਿਰ ‘ਮੰਦ ਬਚਨੀ’ ਸ਼ੁਰੂ ਹੋ ਗਈ | ਧਾਰਮਿਕ ਸ਼ਰਧਾ ਨਾਲ ਓਤ-ਪੋਤ ਮਹੌਲ ਰੌਲੇ-ਰੱਪੇ ਨੇ ਹਫੜਾ-ਦਫ਼ੜੀ ਵਾਲਾ ਬਣਾ ਦਿੱਤਾ | ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਸਿਆਸੀ ਆਗੂਆਂ ਦੇ ‘ਖਾਸ’ ਸਮਰਥਕਾਂ ਨੇ ਆਪਣੀ ਵਧੇਰੇ ਵਫ਼ਾਦਾਰੀ ਵਿਖਾਉਣ ਦੀ ਚਾਹਤ ਅਧੀਨ ਧੁਖਦੀ ਧੂਣੀ ਨੂੰ ਜਾਣੇ ਅਣਜਾਣੇ ‘ਤੇਲ’ ਪਾਉਣ ਦਾ ਕੰਮ ਕਰ ਦਿੱਤਾ | ਪ੍ਰਬੰਧਕਾਂ ਨੇ ਮੌਕੇ ‘ਤੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ‘ਵੋਟਾਂ ਵਾਲਿਆਂ’ ਨੂੰ ਧਾਰਮਿਕ ਰਸਮਾਂ ਤੋਂ ਪਾਸੇ ਰੱਖਣਾ ਚਾਹੀਦਾ ਹੈ | ਖੈਰ, ਬਾਅਦ ਵਿੱਚ ਸ਼ੋਭਾ ਯਾਤਰਾ ਸਾਰੇ ਸ਼ਾਹਕੋਟ ਵਿੱਚੋਂ ਲੰਘੀ ਤੇ ਲਵ-ਕੁਸ਼ ਵੱਲੋਂ ਰਾਮ ਚੰਦਰ ਦਾ ਘੋੜਾ ਪਕੜੇ ਜਾਣ ਦੀ ਝਾਕੀ ਦਾ ਸਭ ਨੇ ਧਿਆਨ ਖਿੱਚਿਆ | ਇਸ ਮੌਕੇ ਪ੍ਰਬੰਧਕਾਂ ਤੇ ਹੋਰ ਲੋਕਾਂ ਤੋਂ ਇਲਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਆਪ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਤੇ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਮੌਜੂਦ ਸਨ |





