ਪਟਿਆਲਾ : ਇੱਕ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਵੱਲੋਂ 8 ਸਾਲਾ ਲੜਕੀ ਨਾਲ ਸਕੂਲ ਵਿਚ ਜਬਰ-ਜ਼ਨਾਹ ਕੀਤੇ ਜਾਣ ਦੇ ਦਾਅਵੇ ਤੋਂ ਤਿੰਨ ਦਿਨ ਮਗਰੋਂ ਲੜਕੀ ਦੀ ਮੈਡੀਕਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨਾਲ ਕਈ ਵਾਰ ਜਿਨਸੀ ਦੁਰਾਚਾਰ ਕੀਤਾ ਗਿਆ ਹੈ | ਪੁਲਸ ਦੇ ਕਹਿਣ ‘ਤੇ ਡਾਕਟਰਾਂ ਵੱਲੋਂ ਹੁਣ ਮੁਲਜ਼ਮ ਦਾ ਡੀ ਐੱਨ ਏ ਨਮੂਨਾ ਮੈਡੀਕਲ ਜਾਂਚ ਲਈ ਭੇਜਿਆ ਜਾਵੇਗਾ | ਨਾਬਾਲਗ ਨਾਲ ਜਬਰ-ਜ਼ਨਾਹ ਦੀ ਇਹ ਘਟਨਾ ਪਟਿਆਲਾ ਦੇ ਐੱਸ ਐੱਸ ਟੀ ਨਗਰ ਸਥਿਤ ਇੱਕ ਸਕੂਲ ਵਿਚ ਹੋਈ ਦੱਸੀ ਜਾਂਦੀ ਹੈ | ਦਰਜ ਐੱਫ ਆਈ ਆਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਨੇ ਪੀੜਤ ਲੜਕੀ ਨਾਲ ਸਕੂਲ ਅਹਾਤੇ ਵਿਚ ਕਈ ਵਾਰ ਜਿਨਸੀ ਦੁਰਾਚਾਰ ਕੀਤਾ | ਐੱਸ ਪੀ (ਸਿਟੀ) ਪਲਵਿੰਦਰ ਚੀਮਾ ਨੇ ਪੁਸ਼ਟੀ ਕੀਤੀ ਕਿ ਮੈਡੀਕਲ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦਾ ਕਈ ਵਾਰ ਜਿਨਸੀ ਸ਼ੋੋਸ਼ਣ ਕੀਤਾ ਗਿਆ | ਉਨ੍ਹਾ ਕਿਹਾ ਕਿ ਜਾਂਚ ਜਾਰੀ ਹੈ ਤੇ ਸਕੂਲ ਅਹਾਤੇ ਦੀ ਸੀ ਸੀ ਟੀ ਵੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ | ਪਹਿਲੀ ਨਜ਼ਰੇ ਪੀੜਤਾ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ, ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਗਿ੍ਫ਼ਤਾਰ ਕੀਤਾ ਗਿਆ ਸੀ |



