ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਵੀਰਵਾਰ ਕਿਹਾ, ”ਪ੍ਰਧਾਨ ਮੰਤਰੀ ਮੋਦੀ ਟਰੰਪ ਤੋਂ ਡਰਦੇ ਹਨ | ਉਨ੍ਹਾ ਟਰੰਪ ਨੂੰ ਇਹ ਫੈਸਲਾ ਲੈਣ ਤੇ ਐਲਾਨ ਕਰਨ ਦੀ ਖੁੱਲ੍ਹ ਦਿੱਤੀ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ | (ਟਰੰਪ ਵੱਲੋਂ) ਵਾਰ-ਵਾਰ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ (ਮੋਦੀ) ਵਧਾਈ ਸੰਦੇਸ਼ ਭੇਜਦੇ ਰਹੇ | ਵਿੱਤ ਮੰਤਰੀ ਦੀ ਅਮਰੀਕਾ ਫੇਰੀ ਰੱਦ ਕੀਤੀ ਗਈ | ਸ਼ਰਮ ਅਲ-ਸ਼ੇਖ਼ ਦਾ ਦੌਰਾ ਛੱਡਿਆ | ਅਪਰੇਸ਼ਨ ਸਿੰਧੂਰ ਬਾਰੇ (ਟਰੰਪ ਦੇ) ਬਿਆਨਾਂ ਦਾ ਵੀ ਵਿਰੋਧ ਨਹੀਂ ਕੀਤਾ |”
ਉਧਰ, ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਐਕਸ ‘ਤੇ ਕਿਹਾ, ”10 ਮਈ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:37 ਵਜੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਭਾਰਤ ਨੇ ਅਪ੍ਰੇਸ਼ਨ ਸਿੰਧੂਰ ਰੋਕ ਦਿੱਤਾ ਹੈ | ਇਸ ਮਗਰੋਂ ਰਾਸ਼ਟਰਪਤੀ ਟਰੰਪ ਪੰਜ ਵੱਖੋ-ਵੱਖਰੇ ਮੁਲਕਾਂ ਵਿੱਚ 51ਵੀਂ ਵਾਰ ਇਹ ਦਾਅਵਾ ਕਰ ਚੁੱਕੇ ਹਨ ਉਨ੍ਹਾ ਟੈਰਿਫ ਤੇ ਵਪਾਰ ਨੂੰ ਦਬਾਅ ਦੇ ਹਥਿਆਰ ਵਜੋਂ ਵਰਤ ਕੇ ਅਪ੍ਰੇਸ਼ਨ ਸਿੰਧੂਰ ਨੂੰ ਰੁਕਵਾਇਆ |” ਰਮੇਸ਼ ਨੇ ਕਿਹਾ, ”ਹੁਣ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਐਲਾਨ ਕੀਤਾ ਹੈ ਕਿ ਮੋਦੀ ਨੇ ਉਨ੍ਹਾ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਦਰਾਮਦ ਨਹੀਂ ਕਰੇਗਾ | ਮੋਦੀ ਨੇ ਮੁੱਖ ਫੈਸਲੇ ਅਮਰੀਕਾ ਨੂੰ ਆਊਟਸੋਰਸ ਕੀਤੇ ਜਾਪਦੇ ਹਨ | 56 ਇੰਚ ਦੀ ਛਾਤੀ ਸੁੰਗੜ ਗਈ ਹੈ |”




