ਦੋ ਦੀਵਾਲੀਆਂ ਦਾ ਧੂੰਆਂ

0
102

ਇੱਕ ਦੀਵਾਲੀ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਹੀ ਕਈ ਦਿਨ ਸਾਹ ਲੈਣਾ ਮੁਹਾਲ ਕਰ ਦਿੰਦਾ ਸੀ, ਐਤਕੀਂ ਤਾਂ ਦੋ ਦੀਵਾਲੀਆਂ ਮਨਾਈਆਂ ਗਈਆਂ | ਸੋ, ਇਹ ਮਿਣਨ ਦਾ ਤਾਂ ਕੋਈ ਤੁਕ ਹੀ ਨਹੀਂ ਰਹਿ ਗਿਆ ਕਿ ਕਿਹੜੇ ਸ਼ਹਿਰ ਦੀ ਹਵਾ ਕਿੰਨੀ ਖਰਾਬ ਹੋਈ | ਪਿਛਲੀ ਦੀਵਾਲੀ ਨਾਲੋਂ ਵੱਧ ਹੀ ਖਰਾਬ ਹੋਣੀ ਸੀ | ਗਿਣਤੀ-ਮਿਣਤੀ ਕਰਨ ਵਾਲੀ ਚੀਜ਼ ਇਹ ਹੈ ਕਿ ਦੀਵਾਲੀ ‘ਤੇ ਏਨਾ ਜ਼ੋਰ ਪਟਾਕਿਆਂ ਤੇੇ ਦੀਵਿਆਂ ਦੀ ਗਿਣਤੀ ‘ਤੇ ਕਿਉਂ ਦਿੱਤਾ ਜਾ ਰਿਹਾ ਹੈ? ਧਾਰਮਕ ਮੌਕਿਆਂ ‘ਤੇ ਸਟੇਟ (ਰਿਆਸਤ) ਦੀ ਭਾਗੀਦਾਰੀ ਕਿਉਂ ਏਨੀ ਤੇਜ਼ੀ ਨਾਲ ਵਧ ਰਹੀ ਹੈ? ਨਿਆਂ ਪਾਲਿਕਾ ਦਾ ‘ਵਿਵੇਕ’ ਵੀ ਇਸ ਦੀ ਜ਼ੱਦ ਵਿੱਚ ਆ ਰਿਹਾ ਹੈ ਅਤੇ ਉਸ ਦੇ ਫੈਸਲਿਆਂ ਵਿੱਚ ਇਸ ਦਾ ਸਿੱਧਾ ਅਸਰ ਦਿਖ ਰਿਹਾ ਹੈ | ਸੁਪਰੀਮ ਕੋਰਟ ਨੇ ਦਿੱਲੀ ਵਿੱਚ ਪਟਾਕਿਆਂ ‘ਤੇ ਮੁਕੰਮਲ ਰੋਕ ਦੀ ਥਾਂ ਕੁਝ ਸਮੇਂ ਲਈ ਗਰੀਨ ਪਟਾਕੇ ਚਲਾਉਣ ਦੀ ਆਗਿਆ ਦੇ ਦਿੱਤੀ | ਇਸ ਨਾਲ ਦਿੱਲੀ ਵਾਸੀਆਂ ਦਾ ਜੋ ਹਾਲ ਹੋਇਆ, ਇਹ ਸਭ ਨੇ ਟੀ ਵੀ ਚੈਨਲਾਂ ‘ਤੇ ਦੇਖ ਤੇ ਅਖਬਾਰਾਂ ਵਿੱਚ ਪੜ੍ਹ ਹੀ ਲਿਆ ਹੋਣਾ | ਇਸ ਦਾ ਪਤਾ ਕਿਵੇਂ ਲੱਗੇਗਾ ਕਿ ਲੋਕਾਂ ਨੇ ਗਰੀਨ ਪਟਾਕੇ ਚਲਾਏ ਜਾਂ ਰੈੱਡ? ਦਿੱਲੀ ਵਾਲਿਆਂ ਦਾ ਦਮ ਘੁਟਣ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ?
ਕਈ ਲੋਕ ਦੀਵਾਲੀ ਨੂੰ ਰਾਵਣ ਨੂੰ ਹਰਾਉਣ ਦੇ ਬਾਅਦ ਰਾਮ ਦੀ ਅਯੁੱਧਿਆ ਵਾਪਸੀ ‘ਤੇ ਹੋਣ ਵਾਲੇ ਉਤਸਵ ਦੀ ਪਰੰਪਰਾ ਵਿੱਚ ਦੇਖਦੇ ਹਨ | ਕਈ ਲੋਕ ਇਸ ਨੂੰ ਫਸਲੀ ਚੱਕਰ ਬਦਲਣ ਨਾਲ ਜੋੜ ਕੇ ਦੇਖਦੇ ਹਨ | ਇਸ ਤਰ੍ਹਾਂ ਦੇ ਤਿਉਹਾਰ ਪੂਰੀ ਦੁਨੀਆ ਵਿੱਚ ਪਰੰਪਰਾ ਦੀ ਤਰ੍ਹਾਂ ਚਲੇ ਆ ਰਹੇ ਹਨ, ਪਰ ਜਿਸ ਤਰ੍ਹਾਂ ਪਰੰਪਰਾ, ਮਾਨਤਾ ਤੇ ਇਤਿਹਾਸ ਦੇ ਨਾਂਅ ‘ਤੇ ਤਿਉਹਾਰਾਂ ਨੂੰ ਸੰਸਕ੍ਰਿਤੀ ਤੇ ਧਰਮ ਦੀਆਂ ਮਾਨਤਾਵਾਂ ਨਾਲ ਜੋੜਿਆ ਜਾ ਰਿਹਾ ਹੈ, ਉਹ ਨਵਾਂ ਹੈ | ਪਿਛਲੇ ਕੁਝ ਦਹਾਕਿਆਂ ਤੋਂ ਇਸ ਤਰ੍ਹਾਂ ਦੇ ਤਿਉਹਾਰਾਂ ਨੂੰ ਜਨੂੰਨ ਵਿੱਚ ਬਦਲ ਦਿੱਤਾ ਗਿਆ ਹੈ | ਜਨੂੰਨ ਵਿੱਚ ਬਦਲਣ ‘ਚ ਸਟੇਟ, ਸਿਆਸੀ ਪਾਰਟੀਆਂ, ਸਮਾਜੀ-ਸੱਭਿਆਚਾਰਕ ਸੰਗਠਨ ਤੇ ਇੱਥੋਂ ਤੱਕ ਕਿ ਨਿਆਂ ਪਾਲਿਕਾ ਤੱਕ ਸਰਗਰਮ ਭੂਮਿਕਾ ਨਿਭਾ ਰਹੇ ਹਨ |
97 ਸਾਲ ਪਹਿਲਾਂ 1928 ਵਿੱਚ ਮਹਾਤਮਾ ਗਾਂਧੀ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ਦੀ ਪ੍ਰਥਾ ਨੂੰ ਫਜ਼ੂਲ ਦੱਸਦਿਆਂ ਲੋਕਾਂ ਨੂੰ ਇਸ ਨੂੰ ਤੱਜਣ ਦੀ ਅਪੀਲ ਕੀਤੀ ਸੀ | ਗਾਂਧੀ ਨੇ ਇਸ ਮਾਮਲੇ ਵਿੱਚ ਵੱਡਿਆਂ ਨੂੰ ਫਰਜ਼ ਪਛਾਨਣ ਲਈ ਕਿਹਾ ਸੀ | ਉਨ੍ਹਾ ਕਿਹਾ ਸੀ, ‘ਪਟਾਕੇ ਚਲਾ ਕੇ ਬੱਚੇ ਖੁਸ਼ ਹੁੰਦੇ ਹਨ, ਪਰ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਵੱਡੇ ਹੀ ਉਨ੍ਹਾਂ ਨੂੰ ਇਸ ਦੀ ਆਦਤ ਪਾਉਂਦੇ ਹਨ | ਮੈਂ ਦੱਖਣੀ ਅਫਰੀਕਾ ਵਿੱਚ ਦੇਖਿਆ ਕਿ ਬੱਚੇ ਤਿਉਹਾਰਾਂ ‘ਤੇ ਪਟਾਕੇ ਨਹੀਂ ਚਲਾਉਂਦੇ, ਸਗੋਂ ਨੱਚਦੇ-ਗਾਉਂਦੇ ਅਤੇ ਖਾਂਦੇ-ਪੀਂਦੇ ਹਨ, ਕਿਉਂਕਿ ਉਨ੍ਹਾਂ ਦੇ ਵੱਡਿਆਂ ਨੇ ਪਟਾਕੇ ਚਲਾਉਣ ਦੀ ਆਦਤ ਨਹੀਂ ਪਾਈ | ਬੱਚਿਆਂ ਨੂੰ ਖੇਡਾਂ ਤੇ ਪਿਕਨਿਕ ਵੱਲ ਮੋੜਨ ਨਾਲੋਂ ਵੱਧ ਚੰਗਾ ਕੀ ਹੋ ਸਕਦਾ ਹੈ? ਬਾਜ਼ਾਰੀ ਮਿਠਾਈਆਂ ਨਾਲੋਂ ਤਾਜ਼ੇ ਫਲ ਤੇ ਸੁੱਕੇ ਮੇਵੇ ਖੁਆਉਣੇ ਕਿੰਨੇ ਚੰਗੇ ਹੋ ਸਕਦੇ ਹਨ | ਬੱਚੇ, ਅਮੀਰ ਹੋਣ ਜਾਂ ਗਰੀਬ, ਨੂੰ ਘਰ ਦੀ ਸਫਾਈ ਤੇ ਰੰਗਾਈ ਦੇ ਕੰਮ ਲਾਉਣ ਨਾਲ ਉਹ ਕਿਰਤ ਦੀ ਸ਼ਾਨ ਸਮਝਣ ਦੇ ਯੋਗ ਹੋਣਗੇ | ਇਸ ਦੀ ਸ਼ੁਰੂਆਤ ਤਿਉਹਾਰਾਂ ਤੋਂ ਕੀਤੀ ਜਾ ਸਕਦੀ ਹੈ | ਪਟਾਕਿਆਂ ਤੋਂ ਬਚਾਏ ਪੈਸੇ ਖਾਦੀ ਖਰੀਦਣ ‘ਤੇ ਲਾਏ ਜਾ ਸਕਦੇ ਹਨ ਤੇ ਜੇ ਖਾਦੀ ਖਰੀਦਣ ਦਾ ਮਨ ਨਹੀਂ ਹੁੰਦਾ ਤਾਂ ਕਿਸੇ ਗਰੀਬ ਦਾ ਭਲਾ ਕੀਤਾ ਜਾ ਸਕਦਾ ਹੈ |’
ਮਹਾਤਮਾ ਗਾਂਧੀ ਦੀ ਪਟਾਕੇ ਚਲਾਉਣ ਦੀ ਥਾਂ ਖੁਦ ਨੂੰ ਆਪਣੇ ਘਰ ਤੇ ਦਿਲ ਸਵੱਛ ਕਰਨ ਦੀ ਅਪੀਲ ਦੀ ਪ੍ਰਵਾਹ ਨਹੀਂ ਕੀਤੀ ਗਈ | ਰਾਮਰਾਜੀਆਂ ਨੇ ਤਾਂ ਪਟਾਕੇ ਚਲਾਉਣੇ ਹੀ ਸਨ, ਬੰਦੀ ਛੋੜ ਦਿਵਸ ਮਨਾਉਣ ਵਾਲੇ ਨਾਨਕ ਨਾਮ ਲੇਵਿਆਂ ਨੇ ਵੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਰਘਬੀਰ ਸਿੰਘ ਦੀ ਸਿਰਫ ਦੀਵਿਆਂ ਨਾਲ ਹੀ ਰੌਸ਼ਨੀ ਕਰਨ ਦੀ ਅਪੀਲ ਦੀ ਪ੍ਰਵਾਹ ਨਾ ਕਰਦਿਆਂ ਪਟਾਕੇ ਚਲਾਏ |
ਪਟਾਕਿਆਂ ਨਾਲ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨ ਤੋਂ ਬਚਣ ਲਈ ਸਰਕਾਰਾਂ, ਨਿਆਂ ਪਾਲਿਕਾ ਤੇ ਧਰਮ ਗੁਰੂਆਂ ਵੱਲ ਤੱਕਣ ਦੀ ਥਾਂ ਹੁਣ ਇੱਕ ਹੀ ਚਾਰਾ ਬਚਿਆ ਲਗਦਾ ਹੈ ਕਿ ਦੀਵਾਲੀ ‘ਤੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਪਿੰਡਾਂ ਨੂੰ ਚਲੇ ਜਾਇਆ ਕਰਨ | ਉੱਥੇ ਥੋੜ੍ਹਾ-ਬਹੁਤਾ ਸਾਹ ਤਾਂ ਆਵੇਗਾ ਤੇ ਨਾਲ ਹੀ ਰਿਸ਼ਤੇਦਾਰੀ ਵਾਲਾ ਨਿੱਘ ਵੀ ਵਧੇਗਾ |