ਪਾਵਰ ਮੈਨੇਜਮੈਂਟ ਵੱਲੋਂ 15 ਤੱਕ ਮੰਗਾਂ ਲਾਗੂ ਕਰਨ ਦਾ ਭਰੋਸਾ

0
7

ਚੰਡੀਗੜ੍ਹ : ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ. 24), ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ), ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਨਾਲ ਸੰਬੰਧਤ ਆਗੂਆਂ ਦੀ ਮੀਟਿੰਗ ਪਾਵਰ ਮੈਨੇਜਮੈਂਟ ਨਾਲ ਗੈਸਟ ਹਾਊਸ ਚੰਡੀਗੜ੍ਹ ਵਿਖੇ ਸੀ ਐੱਮ ਡੀ ਡਾ. ਬਸੰਤ ਗਰਗ ਦੀ ਪ੍ਰਧਾਨਗੀ ਹੇਠ ਹੋਈ।
ਸਾਂਝੇ ਥੜ੍ਹੇ ਦੇ ਆਗੂਆਂ ਕੁਲਵਿੰਦਰ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੇਰ ਸ਼ਾਮ ਤੱਕ ਸੁਖਾਵੇਂ ਮਾਹੌਲ ਵਿੱਚ ਤਕਰੀਬਨ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੰਗਾਂ, ਮਸਲਿਆਂ ਨੂੰ ਲੈ ਕੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਦੇ ਵਿੱਤੀ ਮਸਲੇ, ਜਿਵੇਂ ਕਿ 17-07-20 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, 17-11-21 ਤੋਂ ਬਾਅਦ ਤਰੱਕੀ ਹੋਏ ਕਰਮਚਾਰੀਆਂ ਨੂੰ ਪੇ ਬੈਂਡ ਦਾ ਲਾਭ ਦੇਣ, ਜੇ ਈ ਕੈਟਾਗਰੀ ਉਪਰ ਵਿੱਤ ਸਰਕੂਲਰ 10/16 ਲਾਗੂ ਕਰਨ, ਗਰੁੱਪ ਨੰ. 13 ਅਤੇ ਅਗਲੇ ਗਰੁੱਪਾਂ ਦੀਆਂ ਕੈਟਾਗਰੀਆਂ ਦੀ ਮੁੱਢਲੀ ਤਨਖਾਹ ਆਦਿ ਮਸਲਿਆਂ ਸੰਬੰਧੀ ਤੁਰੰਤ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ , ਸੋਲੇਸ਼ੀਅਮ ਪਾਲਿਸੀ ਵਾਲੇ ਕੇਸਾਂ ਵਿੱਚ ਲਗਾਇਆ 12 ਪ੍ਰਤੀਸ਼ਤ ਵਿਆਜ ਮੁਆਫ ਕਰਨ ਅਤੇ ਪਾਲਿਸੀ ਨਾਲ ਸੰਬੰਧਤ ਹੋਰ ਮਸਲੇ 15 ਮਈ ਤੱਕ ਕੈਬਨਿਟ ਤੋਂ ਪਾਸ ਕਰਵਾਉਣ ਦੀ ਸਹਿਮਤੀ ਬਣੀ। ਇਸ ਤੋਂ ਬਿਨਾਂ ਮੈਨੇਜਮੈਂਟ ਨਾਲ ਸੰਬੰਧਤ ਅਹਿਮ ਮੰਗਾਂ, ਜਿਵੇਂ ਕਿ ਨਵੀਂ ਭਰਤੀ, ਗਰਿੱਡ ਸਟਾਫ ਨਾਲ ਸੰਬੰਧਤ ਮਸਲੇ, ਕੰਟਰੈਕਟ ਪੀਰੀਅਡ ਦਾ ਸੇਵਾ ਲਾਭ ਦੇਣ, ਦਰਜਾ ਚਾਰ ਤੋਂ ਕਲਰਕ ਦੀ ਤਰੱਕੀ ਜਲਦੀ ਕਰਨ, ਵੇਜ ਫਾਰਮੂਲੇਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਲੋੜੀਂਦੇ ਏਜੰਡੇ ‘ਤੇ ਸਮੇਂ ਸਿਰ ਮੀਟਿੰਗਾਂ ਕਰਨ, ਸਬ-ਸਟੇਸ਼ਨ ਸਟਾਫ ਦਾ ਲੱਗਾ ਪੂਰਾ ਉਵਰਟਾਈਮ ਬਿਨਾਂ ਸ਼ਰਤ ਦੇਣ, À ਅਤੇ ਐੱਮ ਡਵੀਜ਼ਨਾਂ ਨੂੰ ਡੀ ਡੀ ਓ ਪਾਵਰਾਂ ਦੇਣ, ਜੇ ਈ ਇਲੈਕਟ੍ਰੀਕਲ ਦੀ ਤਰਜ਼ ‘ਤੇ ਜੇ ਈ ਸਬ-ਸਟੇਸ਼ਨ ਨੂੰ ਪੈਟਰੋਲਿੰਗ ਭੱਤਾ ਦੇਣ, ਕਰਮਚਾਰੀਆਂ ਦੀਆਂ ਪ੍ਰੋਬੇਸ਼ਨਲ ਪੀਰੀਅਡ ਦੌਰਾਨ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਤੋਂ ਬਾਅਦ ਵਾਰਿਸਾਂ ਨੂੰ ਐਡੀਸ਼ਨਲ ਪੇ ਤੇ ਸਪੈਸ਼ਲ ਪੈਨਸ਼ਨ ਦੇਣ, ਹਾਦਸਿਆਂ ਨਾਲ ਹੋ ਰਹੀਆਂ ਮੌਤਾਂ ਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਸੈਲਰੀ ਅਕਾਊਂਟ ਰਾਹੀਂ ਕਲੇਮ ਦੇਣ, ਗਰਿੱਡਾਂ ‘ਤੇ ਸਕਿਉਰਟੀ ਦਾ ਪ੍ਰਬੰਧ ਕਰਨ, ਸਾਰੀਆਂ ਕੈਟਾਗਰੀਆਂ ਦੀਆਂ ਤਰੱਕੀਆਂ ਸਮੇਤ ਹੋਰ ਮਸਲੇ 15 ਮਈ ਤੱਕ ਹੱਲ ਕਰਨ ਦਾ ਮੈਨੇਜਮੈਂਟ ਨੇ ਲੀਡਰਸ਼ਿਪ ਨੂੰ ਭਰੋਸਾ ਦਿੱਤਾ। ਲੀਡਰਸ਼ਿਪ ਦੀ ਮੰਗ ‘ਤੇ ਸੇਵਾਦਾਰ /ਚੌਕੀਦਾਰ ਤੋਂ ਕੇਡਰ ਬਦਲਣ ਦੀ ਆਪਸ਼ਨ ਦੇਣ ਦੇ ਮਸਲੇ ਦਾ ਹੱਲ ਕਰਨ ਲਈ ਸੀ ਐੱਮ ਡੀ ਵੱਲੋਂ ਮੌਕੇ ‘ਤੇ ਹੀ ਚੀਫ ਇੰਜੀਨੀਅਰ ਪੀ ਅਤੇ ਐੱਮ ਲੁਧਿਆਣਾ ਨੂੰ ਮੌਕੇ ‘ਤੇ ਹਦਾਇਤਾਂ ਦਿੱਤੀਆਂ , ਮੈਨੇਜਮੈਂਟ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਗਰਿੱਡ ਸਟਾਫ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਪੈਸਕੋ ਕੰਪਨੀ ਰਾਹੀਂ 100 ਕਰਮਚਾਰੀ ਰੱਖਣ ਦੀ ਮੁਲਾਜ਼ਮ ਵਿਰੋਧੀ ਤਜਵੀਜ਼ ਦਾ ਲੀਡਰਸ਼ਿਪ ਵੱਲੋਂ ਸਖਤ ਵਿਰੋਧ ਕਰਨ ‘ਤੇ ਮੌਕੇ ‘ਤੇ ਤਜਵੀਜ਼ ਵਾਪਸ ਲੈਣ ਬਾਰੇ ਸਹਿਮਤੀ ਬਣੀ, ਪਾਵਰਕਾਮ ਦੇ ਟ੍ਰਾਂਸਕੋ ਵਿੱਚ ਸ਼ਿਫਟ ਕੀਤੇ ਸਹਾਇਕ ਲਾਈਨਮੈਨ ਕਾਮਿਆਂ ਨੂੰ ਵਾਪਸ ਬੁਲਾਉਣ, ਹੜਤਾਲਾਂ ਅਤੇ ਧਰਨਿਆਂ ਦਾ ਪੀਰੀਅਡ ਰੈਗੂਲਰ ਕਰਨ ਸਮੇਤ ਪੈਨਸ਼ਨਰਾਂ ਨੂੰ ਮਿਲ ਰਹੇ ਘੱਟ ਮੈਡੀਕਲ ਅਤੇ ਬੁਢਾਪਾ ਅਲਾਊਂਸ ਦੇ ਅਹਿਮ ਮਸਲੇ ਵੀ ਵਿਚਾਰੇ ਗਏ ਅਤੇ ਰਹਿੰਦੇ ਮਸਲੇ ਵਿਚਾਰਨ ਲਈ ਇਸ ਮੀਟਿੰਗ ਦੀ ਲਗਾਤਾਰਤਾ ਵਿੱਚ ਜਥੇਬੰਦੀ ਨੂੰ 20 ਮਈ ਦੀ ਮੀਟਿੰਗ ਪ੍ਰਦਾਨ ਕੀਤੀ ਗਈ।
ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਹਰਜੀਤ ਸਿੰਘ, ਦੇਵਿੰਦਰ ਸਿੰਘ ਪਿਸ਼ੋਰ, ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਜਰਨੈਲ ਸਿੰਘ, ਗੁਰਪਿਆਰ ਸਿੰਘ, ਗੁਰਤੇਜ ਸਿੰਘ ਪੱਖੋ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ ਭਾਣਾ, ਸਰਿੰਦਰ ਪਾਲ ਲਹੌਰੀਆ, ਕਰਮਜੀਤ ਸਿੰਘ ਆਦਿ ਨੇ ਹਿੱਸਾ ਲਿਆ । ਮੀਟਿੰਗ ਵਿੱਚ ਮੈਨੇਜਮੈਂਟ ਨਾਲ ਹੋਈਆਂ ਸਹਿਮਤੀਆਂ ਉਪਰੰਤ ਜੱਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਸਨਅਤੀ ਅਦਾਰੇ ਦਾ ਮਾਹੌਲ ਸ਼ਾਂਤ ਰੱਖਣ ਲਈ 20 ਮਈ ਤੱਕ ਵਰਕ-ਟੂ-ਰੂਲ ਅਤੇ ਬਿਜਲੀ ਮੰਤਰੀ ਸਮੇਤ ਪਾਵਰ ਮੈਨੇਜਮੈਂਟ ਦੇ ਘਿਰਾਓ ਦਾ ਸੰਘਰਸ਼ ਮੁਲਤਵੀ ਕੀਤਾ ਜਾਂਦਾ ਹੈ। ਜੇਕਰ ਮੈਨੇਜਮੈਂਟ ਵੱਲੋਂ 20 ਮਈ ਤੱਕ ਕੀਤੇ ਸਮਝੌਤੇ ਲਾਗੂ ਨਾ ਕੀਤੇ ਗਏ ਤਾਂ 21 ਮਈ ਨੂੰ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਦੇਣ ਉਪਰੰਤ 16 ਅਤੇ 17 ਜੂਨ ਨੂੰ ਦੋ ਰੋਜ਼ਾ ਮੁਕੰਮਲ ਹੜਤਾਲ ਕਰਨ ਤੋਂ ਇਲਾਵਾ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰਨਗੇ।