ਨਸ਼ੇੜੀ ਪੁੱਤ ਅਕੀਲ ਨੇ ਇੱਕ ਵਾਰ ਮਾਂ ਦਾ ਲੱਕ ਤੋੜ ਦਿੱਤਾ ਸੀ
ਸਹਾਰਨਪੁੁਰ (ਯੂ ਪੀ) : ਪੰਜਾਬ ਪੁਲਸ ਦੇ ਸਾਬਕਾ ਮੁਖੀ ਮੁਹੰਮਦ ਮੁਸਤਫਾ ਨੇ ਆਪਣੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਨੂੰ ਲੈ ਕੇ ਆਪਣੇ ਤੇ ਪਰਵਾਰ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ‘ਪੂਰੀ ਤਰ੍ਹਾਂ ਝੂਠਾ’ ਕਰਾਰ ਦਿੱਤਾ ਹੈ | ਸਾਬਕਾ ਡੀ ਜੀ ਪੀ ਨੇ ਮੰਗਲਵਾਰ ਨੂੰ ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਤੇ ਆਪਣੀ ਪਤਨੀ, ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਖ਼ਿਲਾਫ਼ ਦਰਜ ਪੁਲਸ ਕੇਸ ਦਾ ਸਵਾਗਤ ਕਰਦੇ ਹਨ, ਕਿਉਂਕਿ ਜਾਂਚ ਤੋਂ ਸੱਚ ਸਾਹਮਣੇ ਆ ਜਾਵੇਗਾ | 1985 ਬੈਚ ਦੇ ਸੇਵਾ-ਮੁਕਤ ਆਈ ਪੀ ਐੱਸ ਅਧਿਕਾਰੀ ਮੁਸਤਫਾ ਅਤੇ ਸੁਲਤਾਨਾ ਖਿਲਾਫ਼ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ (35) ਦੀ 16 ਅਕਤੂਬਰ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਘਰ ਵਿਚ ਹੋਈ ਮੌਤ ਦੇ ਸੰਬੰਧ ਵਿੱਚ ਕੇਸ ਦਰਜ ਕੀਤਾ ਗਿਆ ਹੈ | ਪੰਚਕੂਲਾ ਵਿਚ ਦਰਜ ਐੱਫ ਆਈ ਆਰ ਵਿਚ ਅਖ਼ਤਰ ਦੀ ਪਤਨੀ ਅਤੇ ਭੈਣ ਦਾ ਨਾਂਅ ਵੀ ਸ਼ਾਮਲ ਹੈ | ਪਰਵਾਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਅਖ਼ਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ | ਅਕੀਲ ਅਖ਼ਤਰ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਜਾਰੀ ਵੀਡੀਓ ਵਿਚ ਮੁਸਤਫ਼ਾ ਤੇ ਹੋਰ ਪਰਵਾਰਕ ਮੈਂਬਰਾਂ ‘ਤੇ ਲਾਏ ਸੰਗੀਨ ਦੋਸ਼ਾਂ ਬਾਰੇ ਸਾਬਕਾ ਡੀ ਜੀ ਪੀ ਨੇ ਕਿਹਾ ਕਿ ਉਸ ਦਾ ਪੁੱਤਰ ਕਰੀਬ 18 ਸਾਲਾਂ ਤੋਂ ਮਾਨਸਿਕ ਵਿਕਾਰ ਤੋਂ ਪੀੜਤ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਵੀ ਜੂਝ ਰਿਹਾ ਸੀ | ਮੁਸਤਫਾ ਨੇ ਪੱਤਰਕਾਰਾਂ ਨੂੰ ਦੱਸਿਆ, ”ਉਹ ਆਪਣੀ ਬਿਮਾਰੀ ਕਾਰਨ ਅਕਸਰ ਹਿੰਸਕ ਹੋ ਜਾਂਦਾ ਸੀ |” ਉਨ੍ਹਾਂ ਕਿਹਾ ਕਿ ਪਰਵਾਰ ਨੇ ਸਾਲਾਂ ਤੱਕ ਇਸ ਮਾਨਸਿਕ ਪੀੜਾ ਨੂੰ ਸਹਿਣ ਕੀਤਾ | ਮੁਸਤਫਾ ਨੇ ਕਿਹਾ, ”ਉਸ (ਅਕੀਲ) ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਹੈ ਜਾਂ ਕਰ ਰਿਹਾ ਹੈ |” ਸਾਬਕਾ ਡੀ ਜੀ ਪੀ ਨੇ ਕਿਹਾ, ”ਅਕੀਲ ਨੇ ਇੱਕ ਵਾਰ 2008 ਵਿੱਚ ਆਪਣੀ ਮਾਂ ਦਾ ਲੱਕ ਤੋੜ ਦਿੱਤਾ ਸੀ, ਪਰ ਪਰਵਾਰ ਨੇ ਇਹ ਕਹਿ ਕੇ ਇਸ ਗੱਲ ਨੂੰ ਛੁਪਾ ਲਿਆ ਕਿ ਉਹ ਡਿੱਗ ਗਈ ਹੈ | ਇੱਕ ਹੋਰ ਮੌਕੇ ‘ਤੇ ਅਖਤਰ ਨੇ ਆਪਣੀ ਪਤਨੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ |” ਮੁਸਤਫਾ ਨੇ ਕਿਹਾ, ”ਅਸੀਂ ਜਨਤਕ ਸ਼ਖਸੀਅਤਾਂ ਹਾਂ, ਇਸ ਲਈ ਅਸੀਂ ਇਨ੍ਹਾਂ ਮਾਮਲਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ |” ਅਖ਼ਤਰ ਦੇ ਵੀਡੀਓ ਬਾਰੇ ਮੁਸਤਫ਼ਾ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਇਸ ਨੂੰ 27 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ ਅਤੇ ਦੋ ਘੰਟੇ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ, ਪਰ ਕੁਝ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਅਤੇ ਹੁਣ ‘ਪਰਵਾਰ ਨੂੰ ਬਦਨਾਮ ਕਰਨ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ |’ ਮੁਸਤਫਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਪੂਰਾ ਸਮਰਥਨ ਕਰਦੇ ਹਨ ਅਤੇ ‘ਸੱਚਾਈ ਸਾਹਮਣੇ ਲਿਆਉਣ ਲਈ’ ਪੂਰਾ ਸਹਿਯੋਗ ਕਰਨਗੇ | ਮੁਸਤਫਾ ਨੇ ਪੰਜਾਬ ਦੇ ਮਾਲੇਰਕੋਟਲਾ ਦੇ ਵਸਨੀਕ ਸ਼ਮਸ਼ੂਦੀਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ | ਸ਼ਮਸ਼ੂਦੀਨ ਦੀ ਸ਼ਿਕਾਇਤ ‘ਤੇ ਪੰਚਕੂਲਾ ਵਿਚ ਐੱਫ ਆਈ ਆਰ ਦਰਜ ਕੀਤੀ ਗਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਵਿਅਕਤੀ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਸਾਬਕਾ ਡੀ ਜੀ ਪੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਪੋਸਟਮਾਰਟਮ ਉਨ੍ਹਾਂ ਦੀ ਬੇਨਤੀ ‘ਤੇ ਕੀਤਾ ਗਿਆ ਸੀ, ਪਰ ਰਿਪੋਰਟ ਅਜੇ ਜਾਰੀ ਨਹੀਂ ਕੀਤੀ ਗਈ ਹੈ |



