‘ਆਪ ਦੀ ਸਰਕਾਰ, ਆਪ ਦਾ ਵਿਧਾਇਕ’ ਤਰਨ ਤਾਰਨ ਦਾ ਤੇਜ਼ ਵਿਕਾਸ ਯਕੀਨੀ ਬਣਾਉਣਗੇ : ਮਾਨ

0
130

ਤਰਨ ਤਾਰਨ (ਪਿ੍ਰਤਪਾਲ ਸਿੰਘ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਸ਼ਾਮਲ ਸਨ। ਰੋਡ ਸ਼ੋਅ ਨੇ ਬਾਲਾ ਚੱਕ, ਗੋਹਲਵੜ, ਕੋਟ ਦਸੌਧੀ ਮੱਲ, ਪੰਡੋਰੀ ਸਿੱਧਵਾਂ, ਮੰਨਣ, ਖੈਰਦੀਨਕੇ, ਠੱਠਗੜ੍ਹ, ਜਗਤਪੁਰਾ ਅਤੇ ਢੰਡ ਸਮੇਤ ਕਈ ਪਿੰਡਾਂ ਨੂੰ ਕਵਰ ਕੀਤਾ, ਜਿੱਥੇ ਹਜ਼ਾਰਾਂ ਵਸਨੀਕਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਆਪ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਆਗੂਆਂ ਦਾ ਸਵਾਗਤ ਕੀਤਾ।ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਹ ਜ਼ਿਮਨੀ ਚੋਣ ਸਿਰਫ਼ ਇੱਕ ਵਿਧਾਇਕ ਚੁਣਨ ਬਾਰੇ ਨਹੀਂ, ਇਹ ਤਰਨ ਤਾਰਨ ਦੇ ਭਵਿੱਖ ਨੂੰ ਚੁਣਨ ਬਾਰੇ ਹੈ। ਸਾਡੀ ਸਰਕਾਰ ਨੇ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ। ਝੂਠੇ ਵਾਅਦਿਆਂ ਅਤੇ ਪਰਵਾਰਵਾਦ ਦਾ ਯੁੱਗ ਖਤਮ ਹੋ ਗਿਆ ਹੈ, ਹੁਣ ਪੰਜਾਬ ਇਮਾਨਦਾਰ ਸ਼ਾਸਨ ਅਤੇ ਵਿਕਾਸ ਲਈ ਖੜ੍ਹਾ ਹੈ।ਮਾਨ ਨੇ ਲੋਕਾਂ ਨੂੰ ਇਹ ਵੀ ਯਾਦ ਦਿਵਾਇਆ ਕਿ ‘ਆਪ’ ਹੜ੍ਹ ਪ੍ਰਭਾਵਤ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ 1.85 ਲੱਖ ਕੁਇੰਟਲ ਕਣਕ ਦੇ ਬੀਜ ਸਪਲਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ ਕਰਦਿਆਂ ਮਾਨ ਨੇ ਕਿਹਾਜਿਨ੍ਹਾਂ ਕਦੇ ਪੰਜਾਬ ’ਤੇ ਰਾਜ ਕੀਤਾ, ਅਕਾਲੀਆਂ ਅਤੇ ਕਾਂਗਰਸ ਨੇ ਪੰਜ ਸਾਲ ਆਪਣੇ ਆਪ ਨੂੰ ਚੰਡੀਗੜ੍ਹ ਦੇ ਬੰਗਲਿਆਂ ਵਿੱਚ ਬੰਦ ਕਰ ਲਿਆ। ਉਨ੍ਹਾਂ ਕਦੇ ਤੁਹਾਡੇ ਦਰਦ ਦੀ ਪਰਵਾਹ ਨਹੀਂ ਕੀਤੀ। ਇਹ ਲੋਕ ਸਿਰਫ਼ ਆਪਣੇ ਪਰਵਾਰਾਂ ਬਾਰੇ ਸੋਚਦੇ ਹਨ, ਪੰਜਾਬ ਬਾਰੇ ਨਹੀਂ। ਉਨ੍ਹਾ ਕਿਹਾਹੁਣ ਇਹ ਲੋਕ ਤੁਹਾਡੇ ਨਾਲ ਹੱਥ ਮਿਲਾਉਣ ਆਉਣਗੇ, ਇਸ ਲਈ ਹੱਥ ਮਿਲਾਉਣ ਤੋਂ ਬਾਅਦ ਆਪਣੀਆਂ ਉਗਲਾਂ ਗਿਣ ਲਿਓ, ਨਹੀਂ ਤਾਂ ਉਹ ਵੀ ਚੋਰੀ ਹੋ ਜਾਣਗੀਆਂ। ਮਨੀਸ਼ ਸਿਸੋਦੀਆ ਨੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ ਦਾ ਵਿਧਾਇਕ’ ਚੁਣਨ ਨਾਲ ਵਿਕਾਸ ਦੁੱਗਣੀ ਗਤੀ ਨਾਲ ਹੋਵੇਗਾ।ਸੰਧੂ ਨੇ ਵੋਟਰਾਂ ਨੂੰ ਭਰੋਸਾ ਦਿਵਾਉਦੇ ਹੋਏ ਕਿਹਾ ਕਿ 11 ਨਵੰਬਰ ਨੂੰ ਉਨ੍ਹਾਂ ਦੇ ਸਮਰਥਨ ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਤਰਨ ਤਾਰਨ ਦੇ ਵਿਕਾਸ ਦੀ ਗਤੀ ਕਈ ਗੁਣਾ ਵਧੇਗੀ।