ਲੁਧਿਆਣਾ (ਐੱਮ ਐੱਸ ਭਾਟੀਆ)-ਭਾਰਤੀ ਕਮਿਊਨਿਸਟ ਪਾਰਟੀ ਦੇ 100 ਸਾਲਾ ਸਮਾਗਮਾਂ ਦੇ ਸੰਦਰਭ ਵਿੱਚ ਕੇਰਲਾ ਦੇ ਕੋਜ਼ੀਕੋਡ ਵਿੱਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਅਮਰਜੀਤ ਕੌਰ ਨੇ ਕਿਹਾ ਕਿ ਅੱਜ ਦੇਸ਼ ਬੜੇ ਗੰਭੀਰ ਦੌਰ ਵਿੱਚੋਂ ਲੰਘ ਰਿਹਾ ਹੈ ਤੇ ਦੇਸ਼ ਵਿੱਚ ਸਦਭਾਵਨਾ ਤੇ ਸੰਵਿਧਾਨ ਅਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਰ ਐੱਸ ਐੱਸ-ਭਾਜਪਾ ਦੀ ਸਰਕਾਰ ਨੂੰ ਗੱਦੀਓਂ ਲਾਹ ਕੇ ਪਰੇ ਸੁੱਟਣਾ ਅੱਜ ਪ੍ਰਮੁੱਖ ਚੁਣੌਤੀ ਬਣ ਗਈ ਹੈ। ਆਰ ਐੱਸ ਐੱਸ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਉਨ੍ਹਾਂ ਦੀ ਮੁਖ਼ਬਰੀ ਕਰਕੇ ਇਨਕਲਾਬੀਆਂ ਨੂੰ ਸਜ਼ਾਵਾਂ ਦਿਵਾਈਆਂ। ਭਗਤ ਸਿੰਘ ਤੇ ਉਨ੍ਹਾ ਦੇ ਸਾਥੀਆਂ ਦਾ ਮਜ਼ਾਕ ਉਡਾਇਆ। ਆਜ਼ਾਦੀ ਉਪਰੰਤ ਜਿੱਥੇ ਕਿ ਸਾਰਾ ਦੇਸ਼ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਦੀ ਮੰਗ ਕਰ ਰਿਹਾ ਸੀ, ਆਰ ਐੱਸ ਐੱਸ ਵੱਲੋਂ ਹਿੰਦੂ ਰਾਸ਼ਟਰ ਦੀ ਮੰਗ ਨੂੰ ਦੁਹਰਾਇਆ ਗਿਆ, ਜਿਸ ਨੂੰ ਕਿ ਇਸ ਦੇਸ਼ ਦੇ ਲੋਕਾਂ ਨੇ ਉਸ ਵੇਲੇ ਪੂਰੀ ਤਰ੍ਹਾਂ ਨਕਾਰ ਦਿੱਤਾ। ਦੂਜੇ ਪਾਸੇ ਕਮਿਊਨਿਸਟ ਪਾਰਟੀ ਦੇ ਸਾਥੀਆਂ ਨੇ ਨਾ ਕੇਵਲ ਆਜ਼ਾਦੀ ਦੇ ਸੰਘਰਸ਼ ਵਿੱਚ ਅਥਾਹ ਕੁਰਬਾਨੀਆਂ ਦਿੱਤੀਆਂ, ਬਲਕਿ ਆਜ਼ਾਦੀ ਉਪਰੰਤ ਇੱਕ ਧਰਮ ਨਿਰਪੱਖ ਤੇ ਲੋਕਤੰਤਰਿਕ ਸਮਾਜ ਦੀ ਸਿਰਜਨਾ ਲਈ ਦਿਸ਼ਾ ਵੀ ਦਿਖਾਈ। ਆਜ਼ਾਦੀ ਉਪਰੰਤ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਆਵਾਜ਼ ਲਗਾਤਾਰ ਭਾਰਤੀ ਕਮਿਊਨਿਸਟ ਪਾਰਟੀ ਨੇ ਚੁੱਕੀ ਤੇ ਉਹਨਾਂ ਨੂੰ ਵੱਖ-ਵੱਖ ਖੇਤਰਾਂ ਅਤੇ ਅਦਾਰਿਆਂ ਵਿੱਚ ਲਾਮਬੰਦ ਕੀਤਾ। ਜ਼ਹਿਰੀਲੇ ਫ਼ਿਰਕੂ ਨਾਅਰੇ ਦੇ ਕੇ ਅੱਜ ਇਹ ਆਰ ਐੱਸ ਐੱਸ ਤੇ ਭਾਜਪਾ ਵਾਲੇ ਸੱਤਾ ਵਿੱਚ ਆ ਗਏ ਹਨ ਤੇ ਉਹ ਇਸ ਦੇਸ਼ ਦੇ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਨਕਾਰ ਰਹੇ ਹਨ। ਅੱਜ ਬੇਰੁਜ਼ਗਾਰੀ ਅਤੇ ਮਹਿੰਗਾਈ ਏਨੀ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਵਿੱਚ ਹਾਹਾਕਾਰ ਮਚੀ ਹੈ।
ਸਿਹਤ ਸੇਵਾਵਾਂ ਅਤੇ ਸਿੱਖਿਆ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਸਿੱਖਿਆ ਵਿੱਚ ਨਕਲੀ ਵਿਗਿਆਨ ਪੜ੍ਹਾਉਣ ਦੀ ਕੋਸ਼ਿਸ਼ ਅਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਸਾਜਿਸ਼ਾਂ ਖੁੱਲ੍ਹੇਆਮ ਚਲਾਈਆਂ ਜਾ ਰਹੀਆਂ ਹਨ । ਝੂਠ-ਮੂਠ ’ਤੇ ਅਧਾਰਤ ਮਨਘੜਤ ਗੱਲਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ। ਨਵੀਂ ਸਿੱਖਿਆ ਨੀਤੀ 2020 ਇਸ ਦਾ ਇੱਕ ਸਬੂਤ ਹੈ, ਜਿਸ ਦਾ ਕਿ ਭਾਰਤੀ ਕਮਿਊਨਿਸਟ ਪਾਰਟੀ ਲਗਾਤਾਰ ਵਿਰੋਧ ਕਰ ਰਹੀ ਹੈ।
ਕਾਰਪੋਰੇਟ ਪੱਖੀ ਨੀਤੀਆਂ ਅਪਣਾ ਕੇ ਦੇਸ਼ ਦੀ ਪੂਰੀ ਸੰਪਤੀ ਅਡਾਨੀ ਤੇ ਅੰਬਾਨੀ ਵਰਗੇ ਪਰਵਾਰਾਂ ਵਿੱਚ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ ਤੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਗੁਟ ਨਿਰਲੇਪ ਨੀਤੀ ਨੂੰ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਖੁੱਡੇ ਲਾਈਨ ਲਾ ਦਿੱਤਾ ਹੈ ਤੇ ਅੱਜ ਅਮਰੀਕਾ ਦੀ ਭਾਈਵਾਲ ਬਣੀ ਬੈਠੀ ਹੈ। ਫਲਸਤੀਨ ਦੇ ਉਪਰ ਇਜ਼ਰਾਇਲ ਦੇ ਹਮਲੇ ਅਤੇ ਨਸਲਕੁਸ਼ੀ ਵੇਲੇ ਮੋਦੀ ਸਰਕਾਰ ਨੇ ਇਜ਼ਰਾਇਲ ਨਾਲ ਖੜੇ ਹੋ ਕੇ ਸਾਡੇ ਦੇਸ਼ ਦੀ ਸਾਖ਼ ਨੂੰ ਦੁਨੀਆ ਵਿੱਚ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਅੱਜ ਦੁਨੀਆ ਵਿੱਚ ਕੋਈ ਵੀ ਦੇਸ਼ ਸਾਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਜਿਸ ਟਰੰਪ ਨੂੰ ਮੋਦੀ ਆਪਣਾ ਗੂੜ੍ਹਾ ਮਿੱਤਰ ਕਹਿੰਦਾ ਰਿਹਾ ਹੈ, ਉਹ ਟਰੰਪ ਅੱਜ ਭਾਰਤ ਖਿਲਾਫ ਲਗਾਤਾਰ ਦੂਸ਼ਿਤ ਪ੍ਰਚਾਰ ਕਰਨ ਵਿੱਚ ਲੱਗਿਆ ਹੋਇਆ ਹੈ, ਪਰ ਮੋਦੀ ਉਸ ਤੋਂ ਘਬਰਾ ਕੇ ਉਨ੍ਹਾਂ ਮੀਟਿੰਗਾਂ ਵਿੱਚ ਵੀ ਹੁਣ ਨਹੀਂ ਜਾਂਦਾ, ਜਿੱਥੇ ਕਿ ਟਰੰਪ ਹਾਜ਼ਰ ਹੋਏ ।ਇੱਥੋਂ ਤੱਕ ਕਿ ਸਾਡੇ ਆਂਢ-ਗੁਆਂਢ ਦੇ ਦੱਖਣੀ ਏਸ਼ੀਆ ਦੇ ਦੇਸ਼ ਵੀ ਅੱਜ ਭਾਰਤ ਦੇ ਨਾਲ ਨਹੀਂ ਹਨ। ਅੱਜ ਭਾਰਤੀ ਕਮਿਊਨਿਸਟ ਪਾਰਟੀ ਜਿੱਥੇ ਇੱਕ ਪਾਸੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ, ਦੂਸਰੇ ਪਾਸੇ ਦੇਸ਼ ਦੇ ਸੰਵਿਧਾਨ, ਧਰਮ ਨਿਰਪੱਖਤਾ ਅਤੇ ਲੋਕਤੰਤਰ ਦੀ ਰਾਖੀ ਅਤੇ ਵਿਸ਼ਵ ਭਰ ਵਿੱਚ ਵਿਕਾਸਸ਼ੀਲ ਦੇਸ਼ਾਂ ਨਾਲ ਖੜੇ ਹੋਣ ਦੀ ਨੀਤੀ ਦਾ ਪ੍ਰਚਾਰ ਕਰ ਰਹੀ ਹੈ। ਪਾਰਟੀ ਦੇ 100 ਸਾਲ ਪੂਰੇ ਹੋਣ ਦੇ ਇਸ ਮੌਕੇ ਅੱਜ ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਦੇਸ਼ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣ ਲਈ ਤਿਆਰ ਰਹਾਂਗੇ। ਉਨ੍ਹਾ ਨੇ ਉਚੇਚੇ ਤੌਰ ’ਤੇ ਕੇਰਲਾ ਦੇ ਪਹਿਲੇ ਕਮਿਊਨਿਸਟ ਮੁੱਖ ਮੰਤਰੀ ਸੀ. ਅਛੂਤਾਮੈਨਨ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹਨਾ ਇੱਕ ਵੱਖਰੇ ਕਿਸਮ ਦੇ ਸ਼ਾਸਨ ਦੀ ਮਿਸਾਲ ਕਾਇਮ ਕੀਤੀ ਸੀ।




