ਪੀ ਆਰ ਟੀ ਸੀ ਤੇ ਵਰਕਰਾਂ ਦਾ ਭਵਿੱਖ ਬਚਾਉਣ ਲਈ 11 ਨੂੰ ਵਿਸ਼ਾਲ ਧਰਨਾ ਤੇ ਰੈਲੀ

0
110

ਪਟਿਆਲਾ : ਸੋਮਵਾਰ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸਬੰਧਤ ਏਟਕ, ਇੰਟਕ, ਐੱਸ ਸੀ ਬੀ ਸੀ, ਕੰਟਰੈਕਟ ਵਰਕਰਜ਼ ਯੂਨੀਅਨ (ਅਜ਼ਾਦ), ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗਠਿਤ ਕੀਤੀ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਪੀ ਆਰ ਟੀ ਸੀ ਦੇ ਅਦਾਰੇ ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ, ਮੁਸ਼ਕਲਾਂ ਅਤੇ ਮਸਲਿਆਂ ਦੀ ਅਣਦੇਖੀ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਦੀ ਕਨਵੀਨਰਸ਼ਿਪ ਹੇਠ ਨੁਮਾਇੰਦਾ ਮੀਟਿੰਗ ਕੀਤੀ ਗਈ, ਜਿਸ ਵਿੱਚ ਮੈਂਬਰਾਂ ਬਲਦੇਵ ਰਾਜ ਬੱਤਾ, ਰਾਕੇਸ਼ ਕੁਮਾਰ ਦਾਤਾਰਪੁਰੀ, ਮਨਜਿੰਦਰ ਕੁਮਾਰ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਹਾਜ਼ਰ ਸਨ।
ਮੀਟਿੰਗ ਵਿੱਚ ਸਮੁੱਚੇ ਮੁੱਦਿਆਂ ’ਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੇ ਪ੍ਰਬੰਧਕਾਂ ਨੇ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਅਤੇ ਪੀ ਆਰ ਟੀ ਸੀ ਦੀ ਹੋਂਦ ਨਾਲ ਜੁੜੇ ਮਸਲਿਆਂ ਨੂੰ ਏਨਾ ਉਲਝਾ ਦਿੱਤਾ ਹੈ ਅਤੇ ਇਸ ਕਦਰ ਅਣਦੇਖੀ ਕੀਤੀ ਜਾ ਰਹੀ ਹੈ ਕਿ ਜੇਕਰ ਐਕਸ਼ਨ ਕਮੇਟੀ ਵੱਲੋਂ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਨੂੰ ਜਾਗਰੂਕ ਕਰਕੇ ਆਵਾਜ਼ ਚੁੱਕਣ ਲਈ ਸੰਘਰਸ਼ ਨਾ ਕੀਤਾ ਗਿਆ ਤਾਂ ਵਰਕਰਾਂ ਅਤੇ ਪੀ ਆਰ ਟੀ ਸੀ ਦੇ ਭਵਿੱਖ ਲਈ ਗੰਭੀਰ ਵਿੱਤੀ ਅਤੇ ਹੋਂਦ ਦਾ ਸੰਕਟ ਖੜਾ ਹੋ ਸਕਦਾ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਮੰਗਾਂ, ਮਸਲਿਆਂ ਅਤੇ ਸੰਘਰਸ਼ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਨੂੰ ਮੁਫ਼ਤ ਸਫਰ ਸਹੂਲਤਾਂ ਦੇ ਬਣਦੇ 600 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਿੱਚੋਂ ਤਨਖਾਹ, ਪੈਨਸ਼ਨ ਅਤੇ ਅਦਾਰੇ ਦੀਆਂ ਹੋਰ ਲੋੜਾਂ ਲਈ ਹਰ ਮਹੀਨੇ ਰੌਲੇ-ਰੱਪੇ ਅਤੇ ਐਜੀਟੇਸ਼ਨ ਤੋਂ ਬਿਨਾਂ 15-20 ਤਰੀਕ ਤੱਕ ਮਸਾਂ 20-30 ਕਰੋੜ ਦੀ ਰਕਮ ਦਿੱਤੀ ਜਾਂਦੀ ਹੈ।400 ਨਵੀਆਂ ਬੱਸਾਂ ਪਾਉਣ ਦੇ ਐਲਾਨ ਝੂਠੇ ਸਾਬਤ ਹੋ ਰਹੇ ਹਨ। ਚਾਰ ਸਾਲ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਖਰੀਦੀ ਗਈ, ਜਿਸ ਦਾ ਭਰਪੂਰ ਫਾਇਦਾ ਪ੍ਰਾਈਵੇਟ ਬਸ ਮਾਫੀਆ ਉਠਾ ਰਿਹਾ ਹੈ।
ਇਹ ਮਾਫੀਏ ਦੀ ਪੁਸ਼ਤਪੁਨਾਹੀ ਕਰਨ ਦਾ ਹੀ ਨਤੀਜਾ ਹੈ। ਪੰਜਾਬ ਸਰਕਾਰ ਵੱਲੋਂ ਨਾਈਟ ਅਲਾਊਂਸ ਵਿੱਚ ਕੀਤਾ ਵਾਧਾ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਪੀ.ਆਰ.ਟੀ.ਸੀ. ਦੀਆਂ ਜਾਇਦਾਦਾਂ ਸਰਕਾਰੀ ਦਬਾਅ ਥੱਲੇ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਸਿਰੇ ਚਾੜ੍ਹਨ ਦਾ ਜਤਨ ਹੋ ਰਿਹਾ ਹੈ। 600 ਤੋਂ ਵੱਧ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਉਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ, ਜੋ ਕਿ ਇਨ੍ਹਾਂ ਵਰਕਰਾਂ ਦੇ ਆਰਥਕ ਸ਼ੋਸ਼ਣ ਨੂੰ ਹੋਰ ਲੰਮਾ ਸਮਾਂ ਜਾਰੀ ਰੱਖਣ ਦੀ ਕੋਸ਼ਿਸ਼ ਹੈ। ਇਸੇ ਤਰ੍ਹਾਂ 500-600 ਵਰਕਰਾਂ ਨੂੰ ਰਿਟ ਨੰ: 8240 ਦੇ ਫੈਸਲੇ ਮੁਤਾਬਿਕ ਅਜੇ ਤੱਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ 01012004 ਤੋਂ ਬਾਅਦ ਨਿਯੁਕਤ ਹੋਏ ਕੁਝ ਕਰਮਚਾਰੀਆਂ ਨੂੰ ਜੋ ਪੁਰਾਣੀ ਪੈਨਸ਼ਨ ਦਾ ਹੱਕਦਾਰ ਬਣਾਇਆ ਜਾਣਾ ਹੈ, ਉਹ ਵੀ ਅਜੇ ਤੱਕ ਨਹੀਂ ਕੀਤਾ ਗਿਆ। ਆਪਣੀਆਂ ਬੱਸਾਂ ਪਾਉਣ ਦੀ ਬਜਾਏ ਗੈਰ-ਲਾਹੇਵੰਦ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਵਾਰਵਾਰ ਜਤਨ ਕੀਤੇ ਜਾ ਰਹੇ ਹਨ। ਸਾਲਾਂਬੱਧੀ ਸਮੇਂ ਤੋਂ 100 ਕਰੋੜ ਰੁਪਏ ਤੋਂ ਵੱਧ ਦੇ ਵਰਕਰਾਂ ਦੇ ਬਣਦੇ ਤਰ੍ਹਾਂ-ਤਰ੍ਹਾਂ ਦੇ ਬਕਾਏ ਅਦਾ ਕਰਨ ਤੋਂ ਉਕਾ ਹੀ ਪਾਸਾ ਵੱਟਿਆ ਜਾ ਰਿਹਾ ਹੈ।
ਕੰਟਰੈਕਟ/ਆਊਟਸੋਰਸ ਵਰਕਰਾਂ ਨੂੰ ਪੱਕੇ ਕਰਨ ਲਈ ਮਹਿਕਮੇ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਆਦਿ ਹੋਰ ਵੀ ਅਨੇਕਾਂ ਮੁੱਦੇ ਹਨ, ਜਿਨ੍ਹਾਂ ਨੂੰ ਇਹ ਨਕਲੀ ਬਦਲਾਅ ਵਾਲੀ ਸਰਕਾਰ ਅਤੇ ਇਸ ਦੀ ਅਫਸਰਸ਼ਾਹੀ ਅਤੇ ਇਸ ਦੇ ਨਿਯੁਕਤ ਕੀਤੇ ਸਿਆਸੀ ਚੇਅਰਮੈਨ ਸਮੇਤ ਅੱਧੀ ਦਰਜਨ ਹੋਰ ਕਾਰਕੁਨ ਪੀ ਆਰ ਟੀ ਸੀ ਦੀ ਤਰੱਕੀ ਲਈ ਅਤੇ ਇਸ ਵਿੱਚ ਕੰਮ ਕਰਦੇ ਵਰਕਰਾਂ ਦੀ ਭਲਾਈ ਲਈ ਕੁਝ ਵੀ ਨਹੀਂ ਕਰ ਰਹੇ, ਜਿਸ ਕਰਕੇ ਅਦਾਰੇ ਵਿੱਚ ਕੰਮ ਕਰਦੇ ਸਭ ਕਿਸਮ ਦੇ ਵਰਕਰਾਂ ਵਿੱਚ ਭਾਰੀ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ।
ਇਹੀ ਕਾਰਨ ਹੈ ਕਿ ਐਕਸ਼ਨ ਕਮੇਟੀ ਵੱਲੋਂ 11 ਨਵੰਬਰ ਨੂੰ ਨਵਾਂ ਬੱਸ ਸਟੈਂਡ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ ਅਤੇ ਨਿਰੰਤਰ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ।