ਵਪਾਰੀ ’ਤੇ ਹਮਲੇ ਵਿਰੁੱਧ ਮਾਨਸਾ ਰਿਹਾ ਮੁਕੰਮਲ ਬੰਦ

0
94

ਮਾਨਸਾ (ਰੀਤਵਾਲ/ ਆਤਮਾ ਸਿੰਘ ਪਮਾਰ)
ਮਾਨਸਾ ’ਚ ਪੈਸਟੀਸਾਈਡ ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਉਦਿਆਂ ਹਮਲਾ ਕਰ ਮੰਗਲਵਾਰ ਫ਼ਰਾਰ ਹੋਏ ਮੁਲਜ਼ਮਾਂ ਦੇ ਵਿਰੋਧ ਵਿੱਚ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਕੀਤਾ ਗਿਆ। ਇਹ ਸੱਦਾ ਸ਼ਹਿਰ ਦੀਆਂ ਸਮਾਜਿਕ, ਵਪਾਰਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ। ਇਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਕੋਸਿਆ । ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਕੇ ਲਕਸ਼ਮੀ ਨਰਾਇਣ ਮੰਦਰ ਨਜ਼ਦੀਕ ਧਰਨਾ ਦਿੱਤਾ। ਸ਼ਹਿਰ ’ਚ ਦੁਕਾਨਾਂ ਬੰਦ ਰਹੀਆਂ। ਹੁਣ 21 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਕੰਮ ਛੱਡ ਕੇ ਰੋਸ ਜਤਾਇਆ ਗਿਆ।ਲੋਕਾਂ ’ਚ ਰੋਸ ਸੀ ਕਿ ਭਾਵੇਂ ਨਜ਼ਦਕੀ ਥਾਣਾ ਸੀ, ਪਰ ਫ਼ਿਰ ਵੀ ਬਦਮਾਸ਼ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਅੱਜ ਦੇ ਇਕੱਠ ’ਚ ਵੱਡੀ ਗਿਣਤੀ ਵਪਾਰੀ, ਦੁਕਾਨਦਾਰ, ਸਿਆਸੀ ਆਗੂ ਤੇ ਹੋਰ ਜਥੇਬੰਦੀਆਂ ਦੇ ਆਗੂ ਸਰਕਾਰ ਤੇ ਪੁਲਸ ਖਿਲਾਫ਼ ਵਰ੍ਹੇ। ਉਨ੍ਹਾਂ ਕਿਹਾ ਕਿ ਪੁਲਸ ਜੇਕਰ ਆਮ ਲੋਕਾਂ ਦੀ ਜਾਨ-ਮਾਲ ਦੀ ਹੀ ਰਾਖੀ ਨਹੀਂ ਹੋ ਸਕਦੀ, ਫਿਰ ਸਰਕਾਰਾਂ ਤੋਂ ਹੋਰ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ।ਧਰਨੇ ’ਚ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਹਮਲਾਵਰਾਂ ਨੂੰ ਗਿ੍ਰਫ਼ਤਾਰ ਕਰੇ। ਉਨ੍ਹਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹਮਲੇ ਖਿਲਾਫ਼ ਲੜਾਈ ਜਾਰੀ ਰੱਖਣੀ ਪਵੇਗੀ, ਤਾਂ ਹੀ ਕੋਈ ਕਾਰਵਾਈ ਹੋਵੇਗੀ। ਪ੍ਰਦਰਸ਼ਨਕਾਰੀਆਂ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ-ਦੋ ਦਿਨਾਂ ’ਚ ਹਮਲਾਵਰ ਗਿ੍ਰਫ਼ਤਾਰ ਨਾ ਕੀਤੇ ਗਏ ਤਾਂ ਫਿਰ ਇਕੱਲਾ ਮਾਨਸਾ ਨਹੀਂ, ਨੇੜਲੇ ਸ਼ਹਿਰ ਵੀ ਬੰਦ ਕੀਤੇ ਜਾਣਗੇ । ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵਪਾਰੀਆਂ ਤੇ ਦੁਕਾਨਦਾਰਾਂ ਸਮੇਤ ਸਮੁੱਚੇ ਸ਼ਹਿਰੀਆਂ ਦੀ ਸੁਰੱਖਿਆ ਲਈ ਫਿਕਰ ਜ਼ਾਹਰ ਕਰਦਿਆਂ ਕਿਹਾ ਕਿ ਸੰਘਰਸ਼ ਨੂੰ ਲਾਮਬੰਦ ਕਰਕੇ ਪੁਲਸ ਪ੍ਰਸ਼ਾਸਨ ਦੇ ਦਫ਼ਤਰ ਦਾ ਘਿਰਾਓ ਕਰਨਾ ਪਵੇਗਾ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤਾਂ ਪੁਲਸ ਹੀ ਗੈਂਗਸਟਰਾਂ ਨਾਲ ਮਿਲੀ ਹੋਈ ਹੈ ਤੇ ਪੁਲਸ ਦੀ ਪੁਸ਼ਤਪਨਾਹੀ ਹੇਠ ਗੈੈਂਗਸਟਰ ਸਹੂਲਤਾਂ ਦਾ ਆਨੰਦ ਮਾਣਦੇ ਹਨ। ਉਨ੍ਹਾ ਕਿਹਾ ਕਿ ਉਹ ਐੱਸ ਅੱੈਸ ਪੀ ਨੂੰ ਵੀ ਕਹਿ ਚੁੱਕੇ ਹਨ ਕਿ ਜੇਕਰ ਸਿੱਧੂ ਪਰਵਾਰ ’ਚ ਕੋਈ ਮਰਦਾ ਹੈ ਤਾਂ ਉਹ ਮੁਕੱਦਮਾ ਦਰਜ ਨਹੀਂ ਕਰਵਾਉਣਗੇ, ਕਿਉਕਿ ਉਨ੍ਹਾਂ ਨੂੰ ਪੁਲਸ ਦੀਆਂ ਜਾਂਚਾਂ ’ਤੇ ਬਿਲਕੁਲ ਵੀ ਭਰੋਸਾ ਨਹੀਂ। �ਿਸ਼ਨ ਚੌਹਾਨ ਨੇ ਕਿਹਾ ਕਿ ਘਟਨਾ ਕਾਰਨ ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਜੇਕਰ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਲੋਕਾਂ ਨੂੰ ਇਕੱਠੇ ਨਾ ਹੋਣਾ ਪੈਂਦਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਅਤੇ ਸ਼ਹਿਰ ਵਿੱਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਸੀ ਸੀ ਟੀ ਵੀ ਕੈਮਰੇ ਆਪਣੇ ਤੌਰ ’ਤੇ ਨਹੀਂ ਲਗਾਏ ਗਏ, ਇਨ੍ਹਾਂ ਨੂੰ ਤੁਰੰਤ ਲਗਾਇਆ ਜਾਵੇ। ਮਾਨਸਾ ਵਿੱਚ ਨਸ਼ੇ, ਹੋਟਲਾਂ ਵਿੱਚ ਜਿਸਮਫਰੋਸ਼ੀ ਅਤੇ ਜੂਏ-ਸੱਟੇ ਦਾ ਕਾਰੋਬਾਰ ਚੱਲ ਰਹੇ ਹਨ, ਉਨ੍ਹਾਂ ’ਤੇ ਨੱਥ ਨਹੀਂ ਪਾਈ ਜਾ ਰਹੀ।
21 ਮੈਂਬਰੀ ਕਮੇਟੀ ਨੇ ਮਾਨਿਕ ਗੋਇਲ ਅਤੇ ਉਸ ਦੇ ਪਰਵਾਰ ਨੂੰ ਉਚਿਤ ਸੁਰੱਖਿਆ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ।ਇਸ ਮੌਕੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਬਿਕਰਮਜੀਤ ਮੋਫਰ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਭਾਜਪਾ ਆਗੂ ਸਤੀਸ਼ ਸਿੰਗਲਾ ਆਦਿ ਨੇ ਵੀ ਸੰਬੋਧਨ ਕੀਤਾ।ਇਸ ਸੰਘਰਸ਼ ਦੇ ਚਲਦਿਆਂ 21 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਫ਼ੈਸਲਾ ਕੀਤਾ ਕਿ ਜਿੰਨਾ ਸਮਾਂ ਉਨ੍ਹਾਂ ਦੀਆਂ ਮੰੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਸਮਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਤਹਿਤ ਸ਼ਨੀਵਾਰ ਨੂੰ ਮਾਨਸਾ ਬਾਰਾਂ ਹੱਟਾਂ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ। 3 ਨਵੰਬਰ ਸੋਮਵਾਰ ਨੂੰ ਮਾਨਸਾ ਵਾਸੀ ਮਾਨਸਾ ਐੱਸ ਐੱਸ ਪੀ ਦਫਤਰ ਦਾ ਘਿਰਾਓ ਕਰਨਗੇ।