ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੁੱਧਵਾਰ ਦੇਸ਼ ਭਗਤ ਯਾਦਗਾਰ ਹਾਲ ਨੂੰ ‘ਗ਼ਦਰੀ ਹਾਫ਼ਿਜ਼ ਅਬਦੁਲਾ ਨਗਰ’ ਦਾ ਨਾਂਅ ਦਿੱਤਾ ਅਤੇ ਗੇਟ ਬਣਾਇਆ। 30, 31 ਅਕਤੂਬਰ ਅਤੇ ਪਹਿਲੀ ਨਵੰਬਰ ਗਦਰੀ ਬਾਬਿਆਂ ਦੇ ਮੇਲੇ ਦੇ ਦਿਨਾਂ ’ਚ ਇਸ ਨਗਰ ਦੇ ਨਾਂਅ ਨਾਲ਼ ਹੀ ਦੇਸ਼ ਭਗਤ ਕੰਪਲੈਕਸ ਦੇ ਅੰਦਰ ਵੱਖ-ਵੱਖ ਨਗਰ ਅਤੇ ਪੰਡਾਲ ਬਣਾਏ ਗਏ ਹਨ।
ਜਿਉ ਹੀ ਪ੍ਰਵੇਸ਼ ਦੁਆਰ ਤੋਂ ਪ੍ਰਵੇਸ਼ ਕਰੋਗੇ, ਉਹਦੇ ਸੱਜੇੇ ਹੱਥ ਬਖਸ਼ੀਵਾਲਾ, ਕੋਟਲਾ ਨੌਧ ਸਿੰਘ ਅਤੇ ਦੌਲਾ ਸਿੰਘ ਵਾਲਾ ਪੁਸਤਕ ਪੰਡਾਲ ਹੋਏਗਾ, ਜਿਹੜੇ ਗਦਰੀ ਗੁਲਾਬ ਕੌਰ ਦੇ ਸੰਗੀ-ਸਾਥੀ ਰਹੇ। ਇਸੇ ਤਰ੍ਹਾਂ ਉਹਨਾਂ ਦੇ ਸੰਗੀ ਸਾਥੀ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਕੋਟਲਾ ਨੌਧ ਸਿੰਘ ਦੀ ਯਾਦ ’ਚ ਇੱਕ ਵੱਡਾ ਗੇਟ ਬਣਾ ਕੇ ਵੱਡੇ ਸਟੇਡੀਅਮ ਨੂੰ, ਜੋ ਪਹਿਲਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਕਰਕੇ ਜਾਣਿਆ ਜਾਂਦਾ ਹੈ, ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਪੰਡਾਲ ਦਾ ਨਾਂਅ ਦਿੱਤਾ ਗਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਦੇਸ਼ ਭਗਤ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ, ਪ੍ਰੋਫੈਸਰ ਤਜਿੰਦਰ ਵਿਰਲੀ, ਵਿਜੇ ਬੰਬੇਲੀ, ਡਾਕਟਰ ਸੈਲੇਸ਼, ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਜਿਸ ਮੌਕੇ ਜਾਇਜ਼ਾ ਲਿਆ ਜਾ ਰਿਹਾ ਸੀ ਤਾਂ ਉਸ ਮੌਕੇ ਪੂਰੇ ਕੰਪਲੈਕਸ ਵਿੱਚ ਗਦਰੀ ਗੂੰਜਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਹਨਾਂ ਆਵਾਜ਼ਾਂ ਦੇ ਸੰਗ ਸੰਗਮ ਕਰ ਰਹੇ ਸੀ ਦਿੱਲੀ ਤੋਂ ਆਏ ਹੋਏ ਪ੍ਰੋਗਰੈਸਿਵ ਆਰਟਿਸਟਸ ਲੀਗ ਦੇ ਸਾਥੀ ਕਲਾਕਾਰ, ਜਿਨ੍ਹਾਂ ਦੋ ਨਾਟਕ ਖੇਡਣੇ ਨੇ ‘ਫਾਸ਼ੀਵਾਦ’ ਅਤੇ ਦੂਸਰਾ ‘ਫਲਸਤੀਨ ਬਾਰ।’ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਗਦਰ ਲਹਿਰ ਦਾ ਜੋ ਵਿਰਸਾ ਹੈ, ਉਸ ਵਿਰਸੇ ਨੂੰ ਬੁਲੰਦ ਕਰੇਗਾ ਦੇਸ਼ ਭਗਤਾਂ ਦਾ ਇਹ ਮੇਲਾ। ਧਰਮ ਨਿਰਪੱਖਤਾ ਨੂੰ ਫਿਰਕਾਪ੍ਰਸਤੀ ਦੇ ਖਿਲਾਫ ਸਾਮਰਾਜਵਾਦ ਦੇ ਖਿਲਾਫ ਕਾਰਪੋਰੇਟ ਜਗਤ ਵੱਲੋਂ ਮੁਲਕ ਦੇ ਗਲਬਾ ਪਾਉਣ ਦੀਆਂ ਜਿਹੜੀਆਂ ਲਗਾਤਾਰ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ, ਉਹਨਾਂ ਬਾਰੇ ਹੋਏਗਾ ਮੇਲਾ। ਇਉ ਹੀ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਦੱਸਿਆ ਕਿ ਅੱਜ ਸਭ ਤੋਂ ਵੱਡੀ ਚੁਣੌਤੀ ਕਾਰਨ ਹੀ ਅਸੀਂ ਪ੍ਰਵੇਸ਼ ਦੁਆਰ ਦਾ ਨਾਂਅ ਹਾਫਿਜ ਅਬਦੁੱਲਾ ਦੇ ਨਾਂਅ ’ਤੇ ਰੱਖਿਆ ਕਿ ਕਿਸ ਤਰੀਕੇ ਦੇ ਨਾਲ ਮੁਸਲਿਮ ਭਾਈਚਾਰੇ ਦੇ ਉੱਤੇ ਹੱਲੇ ਬੋਲੇ ਜਾ ਰਹੇ ਨੇ। ਉਹਨਾ ਤਿੱਖੀ ਚਣੌਤੀ ਦਿੱਤੀ ਅਤੇ ਕਿਹਾ ਕਿ ਮੇਲਾ ਇਹਨਾਂ ਸਭਨਾਂ ਚੁਣੌਤੀਆਂ ਨੂੰ ਮੁਖਾਤਬ ਹੋਏਗਾ। ਇਉਂ ਹੀ ਬੋਲਦੇ ਹੋਏ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ 30 ਅਕਤੂਬਰ ਠੀਕ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨਨੀ ਦਾ ਉਦਘਾਟਨ ਕੀਤਾ ਜਾਏਗਾ ਤੇ ਜੱਜਾਂ ਦਾ ਸਨਮਾਨ ਹੋਏਗਾ। ਬਾਹਰੋਂ ਆਏ ਸਾਥੀਆਂ ਦਾ ਸਨਮਾਨ ਅਤੇ ਰੂਬਰੂ ਹੋਏਗਾ। ਪਹਿਲੀ ਨਵੰਬਰ 10 ਵਜੇ ਝੰਡਾ ਲਹਿਰਾਉਣ ਦੀ ਰਸਮ ਸਾਰਾ ਦਿਨ ਸਾਰੀ ਰਾਤ ਗੀਤ-ਸੰਗੀਤ, ਵਿਚਾਰ-ਚਰਚਾ ਅਤੇ ਨਾਟਕਾਂ ਦੀਆਂ ਲੜੀਆਂ ਜਾਰੀ ਰਹਿਣਗੀਆਂ। ਇਸ ਮੌਕੇ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ, ਸਿੰਘ, ਰਣਜੀਤ ਸਿੰਘ ਔਲਖ, ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਕਰਦੇ ਹੋਏ ਸੱਦਾ ਦਿੱਤਾ ਕਿ ਗਦਰੀ ਬਾਬਿਆਂ ਦੀਆਂ ਪਿੰਡ ਕਮੇਟੀਆਂ ਮੇਲੇ ’ਚ ਸ਼ਿਰਕਤ ਕਰਨਗੀਆਂ। ਪਹਿਲੀ ਨਵੰਬਰ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕੁਲਬੀਰ ਸਿੰਘ ਸੰਘੇੜਾ ਕਰਨਗੇ। ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਮੇਲਾ ਜਾਰੀ ਰਹੇਗਾ।




