ਮੋਗਾ (ਇਕਬਾਲ ਸਿੰਘ ਖਹਿਰਾ)
ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ’ਚ ਆਪਣੇ ਬਲਬੂਤੇ ਸਰਕਾਰ ਸਥਾਪਤ ਕਰੇਗੀ ਅਤੇ ਸੂਬੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾ ਇਹ ਵੀ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਉਨ੍ਹਾ ਦੀ ਸਰਕਾਰ ਨੇ ਇੱਕ ਲੱਖ ਦੇ ਕਰੀਬ ਨਸ਼ਾ ਤਸਕਰਾਂ ਨੂੰ ਡੱਕਿਆ ਸੀ ਅਤੇ ਬਿਕਰਮ ਸਿੰਘ ਮਜੀਠੀਆ ਦੀ ਵੀ ਜਾਂਚ ਕਰਕੇ ਉਹ ਜਾਂਚ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰ ਚੁੱਕੇ ਹਨ। ਕੋਈ ਵੀ ਅਜਿਹਾ ਕਾਨੂੰਨ ਨਹੀਂ ਕਿ ਜਿਸ ਮਾਮਲੇ ਦੀ ਜਾਂਚ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕਰ ਦਿੱਤੀ ਗਈ ਹੋਵੇ, ਉਸ ਦੀ ਮੁੜ ਤੋਂ ਜਾਂਚ ਕਰਵਾਈ ਜਾ ਸਕੇ। ਉਨ੍ਹਾ ਕਿਹਾ ਕਿ ਪਿਛਲੇ ਦਿਨਾਂ ’ਚ ਉਨ੍ਹਾ ਦੀ ਸਿਹਤ ਨਾਸਾਜ਼ ਸੀ ਤੇ ਉਹ ਇਲਾਜ ਕਰਵਾ ਰਹੇ ਸਨ, ਪਰ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਜ਼ਿਲ੍ਹਿਆਂ, ਕਸਬਿਆਂ ਅਤੇ ਪਿੰਡਾਂ ਦਾ ਦੌਰਾ ਕਰਕੇ ਭਾਜਪਾ ਦੇ ਪ੍ਰਚਾਰ, ਪ੍ਰਸਾਰ ਅਤੇ ਸਰਕਾਰ ਸਥਾਪਤ ਕਰਨ ਲਈ ਯਤਨਸ਼ੀਲ ਰਹਿਣਗੇ। ਮੋਗਾ ਦੇ ਭਾਜਪਾ ਦਫਤਰ ਪੁੱਜਣ ’ਤੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਤੇ ਹੋਰਨਾਂ ਆਗੂਆਂ ਵੱਲੋਂ ਉਨ੍ਹਾ ਦਾ ਨਿੱਘਾ ਸਵਾਗਤ ਕੀਤਾ ਗਿਆ।





