ਅੱਜ ਕਾਲਜਾਂ ’ਚ ਬੰਦ ਦਾ ਸੱਦਾ

0
34

ਚੰਡੀਗੜ੍ਹ (ਗੁਰਜੀਤ ਬਿੱਲਾ)
ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏ ਐੱਸ ਏ ਪੀ) ਨੇ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਸ ਨੂੰ ਪੰਜਾਬ ਪੁਨਰਗਠਨ ਐਕਟ 1966 ਦੀ ਸਿੱਧੀ ਉਲੰਘਣਾ ਅਤੇ ਪੰਜਾਬ ਦੀ ਸੰਵਿਧਾਨਕ ਅਤੇ ਵਿਦਿਅਕ ਖੁਦਮੁਖਤਿਆਰੀ ’ਤੇ ਗੰਭੀਰ ਹਮਲਾ ਦੱਸਦਿਆਂ ਸੋਮਵਾਰ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ’ਚ ਬੰਦ ਦਾ ਸੱਦਾ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸੂਬਾਈ ਬੁਲਾਰੇ ਵਤਨਵੀਰ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਪਿ੍ਰੰਸ ਚੌਧਰੀ ਨੇ ਕੇਂਦਰ ਸਰਕਾਰ ’ਤੇ ਇਕਪਾਸੜ ਅਤੇ ਗੈਰ-ਸੰਵਿਧਾਨਕ ਕਾਰਵਾਈਆਂ ਰਾਹੀਂ ਪੰਜਾਬ ਦੀ ਅਕਾਦਮਿਕ ਆਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।ਉਨ੍ਹਾ ਐਲਾਨ ਕੀਤਾ ਕਿ ਏ ਐੱਸ ਏ ਪੀ ਪੰਜਾਬ ਅਤੇ ਚੰਡੀਗੜ੍ਹ ਭਰ ਦੀਆਂ ਸਹਿਯੋਗੀ ਵਿਦਿਆਰਥੀ ਯੂਨੀਅਨਾਂ ਅਤੇ ਅਧਿਆਪਕ ਸੰਗਠਨਾਂ ਨਾਲ ਤਾਲਮੇਲ ਕਰਕੇ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਰਾਜ ਵਿਆਪੀ ਅਕਾਦਮਿਕ ਬੰਦ ਮੁਹਿੰਮ ਸ਼ੁਰੂ ਕਰੇਗਾ।
ਇਸ ਅੰਦੋਲਨ ਵਿੱਚ ਸ਼ਾਂਤਮਈ ਪ੍ਰਦਰਸ਼ਨ, ਕੈਂਪਸ ਸੰਵਾਦ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰੀ ਸ਼ਾਸਨ ਅਤੇ ਸੰਘੀ ਜਵਾਬਦੇਹੀ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਤਾਲਮੇਲ ਵਾਲੀਆਂ ਸੰਸਥਾਗਤ ਕਾਰਵਾਈਆਂ ਸ਼ਾਮਲ ਹੋਣਗੀਆਂ।
ਏ ਐੱਸ ਏ ਪੀ ਆਗੂਆਂ ਨੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਸੰਗਠਨਾਂ ਨੂੰ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਪ੍ਰਭੂਸੱਤਾ ਅਤੇ ਲੋਕਤੰਤਰੀ ਭਾਵਨਾ ਦੀ ਰੱਖਿਆ ਲਈ ਇੱਕ ਸਾਂਝੇ ਝੰਡੇ ਹੇਠ ਇੱਕਜੁੱਟ ਹੋਣ ਦੀ ਅਪੀਲ ਕੀਤੀ।