ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ

0
71

ਮੋਗਾ (ਇਕਬਾਲ ਸਿੰਘ ਖਹਿਰਾ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਅਤੇ ਗਿੱਲ ਪਰਵਾਰ ਬਹੋਨਾ ਵੱਲੋਂ ਉੱਘੇ ਕਮਿਊਨਿਸਟ ਅਤੇ ਮੁਲਾਜ਼ਮ ਆਗੂ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ 7 ਨਵੰਬਰ ਨੂੰ 11 ਵਜੇ ਹੋ ਰਿਹਾ ਇਹ ਸੈਮੀਨਾਰ ਮਹਾਨ ਅਕਤੂਬਰ ਇਨਕਲਾਬ ਨੂੰ ਸਮਰਪਿਤ ਹੋਵੇਗਾ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਜਗਸੀਰ ਖੋਸਾ ਅਤੇ ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਅਧਿਆਪਕ ਤੇ ਮੁਲਾਜ਼ਮ ਲਹਿਰ ਦੇ ਬਹੁਤ ਮਜ਼ਬੂਤ ਥੰਮ੍ਹ ਰਹੇ ਕਾਮਰੇਡ ਰਣਧੀਰ ਸਿੰਘ ਗਿੱਲ ਨੇ ਆਪਣੀ ਸਾਰੀ ਉਮਰ ਕਿਰਤੀ ਲੋਕਾਂ ਲਈ ਕੰਮ ਕੀਤਾ। ਉਹਨਾ ਦਾ ਸਮੁੱਚਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹੇਗਾ। ਇਹ ਸੈਮੀਨਾਰ ਜਿਥੇ ਕਾਮਰੇਡ ਗਿੱਲ ਦੀ ਯਾਦ ਨੂੰ ਤਾਜ਼ਾ ਕਰੇਗਾ, ਉੱਥੇ ਬੁਲਾਰੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਪੇਸ਼ ਕਰਦਿਆਂ ਸਮਾਜ ਨੂੰ ਉਸਾਰੂ ਸੇਧ ਦੇਣਗੇ।ਆਗੂਆਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਬਣਾਉਟੀ ਬੌਧਿਕਤਾ (ਏ ਆਈ) ਤੇ ਸਾਂਝੀਵਾਲਤਾ ਦੇ ਵਿਸ਼ੇ ਤੇ ਉੱਘੇ ਮਾਰਕਸਵਾਦੀ ਚਿੰਤਕ ਕਾਮਰੇਡ ਜਗਰੂਪ, ਉੱਘੇ ਸਾਹਿਤਕਾਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੁੱਲ ਹਿੰਦ ਜਨਰਲ ਸਕੱਤਰ ਸੁਖਦੇਵ ਸਿਰਸਾ ‘ਗੁਰੂ ਤੇਗ ਬਹਾਦਰ ਦੀ ਬਾਣੀ ਦਾ ਇਤਿਹਾਸਕ ਮਹੱਤਵ’ ਦੇ ਵਿਸ਼ੇ ਬਾਰੇ ਅਤੇ ਉੱਘੇ ਲੇਖਕ ਅਤੇ ਸਾਹਿਤ ਆਲੋਚਕ ਸੁਰਜੀਤ ਬਰਾੜ ਘੋਲੀਆ ਅਧਿਆਪਕ ਅੰਦੋਲਨ ਅਤੇ ਨਵੀਂ ਸਿੱਖਿਆ ਨੀਤੀ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖਣਗੇ। ਇਸ ਤੋਂ ਇਲਾਵਾ ਇਸ ਮੌਕੇ ਹਰਮਿੰਦਰ ਸਿੰਘ ਕੋਹਾਰਵਾਲਾ ਕਵੀ ਤੇ ਸਾਬਕਾ ਅਧਿਆਪਕ ਆਗੂ, ਕੇ ਐੱਲ ਗਰਗ-ਹਾਸ ਵਿਅੰਗ ਲੇਖਕ ਅਤੇ ਬਲਵੀਰ ਸਿੰਘ ਰਾਮੂੰਵਾਲਾ ਸਾਬਕਾ ਅਧਿਆਪਕ ਆਗੂ ਨੂੰ ਸਨਮਾਨਤ ਕੀਤਾ ਜਾਵੇਗਾ।