ਭਗਵੰਤ ਮਾਨ ਵੱਲੋਂ ਹਰਮੀਤ ਸੰਧੂ ਦੇ ਹੱਕ ’ਚ ਰੋਡ ਸ਼ੋਅ

0
104

ਤਰਨ ਤਾਰਨ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਤਰਨ ਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ।ਹਲਕੇ ਦੇ ਵੱਖ-ਵੱਖ ਪਿੰਡਾਂ ਹੋਏ ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਅਤੇ ‘ਆਪ’ ਉਮੀਦਵਾਰ ਦਾ ਬਹੁਤ ਉਤਸ਼ਾਹ, ਫੁੱਲਾਂ ਦੀ ਵਰਖਾ ਅਤੇ ਆਪ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਵਾਗਤ ਕੀਤਾ।ਇਕੱਠਾਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਲੋਕਾਂ ਦਾ ਉਨ੍ਹਾਂ ਦੇ ਪਿਆਰ, ਸਮਰਥਨ ਅਤੇ ਵਿਸ਼ਵਾਸ ਲਈ ਧੰਨਵਾਦ ਕੀਤਾ।ਉਨ੍ਹਾ ਕਿਹਾ ਕਿ ਹਰ ਪਿੰਡ ਤੋਂ ਮਿਲਣ ਵਾਲਾ ਹੁੰਗਾਰਾ ‘ਆਪ’ ਦੀ ਇਮਾਨਦਾਰ ਅਤੇ ਵਿਕਾਸ-ਮੁਖੀ ਰਾਜਨੀਤੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਦਾ ਹੈ।ਸੰਧੂ ਨੇ ਕਿਹਾ ਕਿ ਤਰਨਤਾਰਨ ਮੇਰਾ ਘਰ ਹੈ, ਅਤੇ ਮੈਂ ਇਸਦੇ ਲੋਕਾਂ ਨੂੰ ਆਪਣਾ ਪਰਵਾਰ ਮੰਨਦਾ ਹਾਂ।ਮੈਂ ਸਿੱਖਿਆ, ਸਿਹਤ, ਸੜਕਾਂ ਅਤੇ ਰੁਜ਼ਗਾਰ ਵਿੱਚ ਹਰ ਸੰਭਵ ਵਿਕਾਸ ਲਈ ਅਣਥੱਕ ਮਿਹਨਤ ਕਰਾਂਗਾ। ਮੈਂ ਬਾਹਰੀ ਵਿਅਕਤੀ ਨਹੀਂ, ਮੈਂ ਤੁਹਾਡੇ ਵਿੱਚੋਂ ਇੱਕ ਹਾਂ।ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਸੰਧੂ ਨੇ ਕਿਹਾ ਕਿ ਉਨ੍ਹਾਂ ਤਰਨ ਤਾਰਨ ਨਾਲ ਕੋਈ ਸੰਬੰਧ ਨਾ ਰੱਖਣ ਵਾਲੇ ਪੈਰਾਸ਼ੂਟ ਉਮੀਦਵਾਰ ਖੜ੍ਹੇ ਕੀਤੇ ਹਨ, ਜਦੋਂ ਕਿ ‘ਆਪ’ ਨੇ ਮੇਰੇ ਵਰਗੇ ਸਥਾਨਕ ਵਿਅਕਤੀ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਸੱਚਮੁੱਚ ਖੇਤਰ ਦੀਆਂ ਚੁਣੌਤੀਆਂ ਅਤੇ ਇੱਛਾਵਾਂ ਨੂੰ ਸਮਝਦਾ ਹੈ। ਉਨ੍ਹਾ ਲਾਲ ਲਕੀਰ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਲਈ ਇਤਿਹਾਸਕ ਕਦਮ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ, ਇਸ ਨੂੰ ਹਜ਼ਾਰਾਂ ਪਰਵਾਰਾਂ ਲਈ ਵੱਡੀ ਰਾਹਤ ਦੱਸਿਆ, ਜੋ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਸਨ।ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਾਡੇ ਲੋਕਾਂ ਦੇ ਦਹਾਕਿਆਂ ਪੁਰਾਣੇ ਸੁਪਨੇ ਨੂੰ ਪੂਰਾ ਕੀਤਾ ਹੈ।‘ਆਪ’ ਸਰਕਾਰ ਸਮਾਜ ਦੇ ਹਰ ਵਰਗ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ। ਸੰਧੂ ਨੇ ਲੋਕਾਂ ਨੂੰ 11 ਨਵੰਬਰ ਨੂੰ ‘ਆਪ’ ਦੇ ਚੋਣ ਨਿਸ਼ਾਨ ‘ਝਾੜੂ’ ਲਈ ਵੋਟ ਪਾਉਣ ਦੀ ਅਪੀਲ ਕੀਤੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਮਜ਼ਬੂਤ, ਇਮਾਨਦਾਰ ਅਤੇ ਲੋਕ-ਕੇਂਦਰਤ ਸਰਕਾਰ ਖੁਸ਼ਹਾਲ ਤਰਨ ਤਾਰਨ ਲਈ ਆਪਣਾ ਕੰਮ ਜਾਰੀ ਰੱਖੇ।