ਪੀ ਯੂ ’ਤੇ ਕਬਜ਼ੇ ਦੀ ਕੇਂਦਰੀ ਸਾਜ਼ਿਸ਼ ਚੂਰ-ਚੂਰ ਕਰ ਦਿਓ : ਸੀ ਪੀ ਆਈ

0
102

ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਗੌਡਸੇਵਾਦੀ ਫਿਰਕੂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਪੰਜਾਬ, ਜਮਹੂਰੀਅਤ ਅਤੇ ਸੰਵਿਧਾਨ ਵਿਰੋਧੀ ਚਾਲਾਂ ਤੋਂ ਸਮੁੱਚੇ ਪੰਜਾਬੀਆਂ ਨੂੰ ਸਾਵਧਾਨ ਹੋਣ ਅਤੇ ਇਕੱਠੇ ਹੋ ਕੇ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਦੇ 59 ਸਾਲਾਂ ਤੋਂ ਚੱਲੇ ਆ ਰਹੇ ਸੈਨੇਟ ਦੇ ਜਮਹੂਰੀ ਢਾਂਚੇ ਨੂੰ ਤੋੜਿਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਐਫੀਡੇਵਿਟ ’ਤੇ ਦਸਤਖਤ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਰਾਹੀਂ ਉਹ ਕੋਈ ਰੋਸ ਮੁਜ਼ਾਹਰਾ ਵੀ ਨਹੀਂ ਕਰ ਸਕਣਗੇ। ਅਜਿਹੇ ਧੱਕੇਸ਼ਾਹੀ ਵਾਲੇ ਕੇਂਦਰ ਦੇ ਫੈਸਲਿਆਂ ਵਿਰੁੱਧ ਪੰਜਾਬ ਯੂਨੀਵਰਸਿਟੀ ਵਿਚ ਚੱਲ ਰਹੇ ਘੋਲ ਦੀ ਹਮਾਇਤ ਵਿਚ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ, ਚੰਡੀਗੜ੍ਹ ਦੇ ਸਕੱਤਰ ਰਾਜ ਕੁਮਾਰ ਅਤੇ ਟਰੇਡ ਯੂਨੀਅਨ ਦੇ ਆਗੂ ਸ਼ਿੰਗਾਰਾ ਸਿੰਘ ਨੇ ਵਿਦਿਆਰਥੀ ਆਗੂਆਂ ਨਾਲ ਮੁਲਾਕਾਤ ਕੀਤੀ। ਸੀ ਪੀ ਆਈ ਆਗੂਆਂ ਨੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਇਸ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਲੜਾਈ ਸਮੁੱਚੇ ਪੰਜਾਬ ਦੀ ਸਾਂਝੀ ਲੜਾਈ ਹੈ, ਜਿਸ ਵਿਚ ਸਾਰੀਆਂ ਖੱਬੀਆਂ ਧਿਰਾਂ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਪੂਰੇ ਜ਼ੋਰ ਨਾਲ ਸ਼ਿਰਕਤ ਕਰ ਰਹੀਆਂ ਹਨ। ਸਾਥੀ ਬਰਾੜ ਨੇ ਕਿਹਾ ਕਿ ਖੱਬੀਆਂ ਪਾਰਟੀਆਂ ਨੇ ਸਾਂਝੇ ਤੌਰ ’ਤੇ ਸਾਰੇ ਜ਼ਿਲਿਆਂ ਵਿਚ ਡੀ ਸੀਜ਼ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂਅ ਲਿਖੇ ਮੈਮੋਰੰਡਮਾਂ ਰਾਹੀਂ ਕੇਂਦਰ ਨੂੰ ਯੂਨੀਵਰਸਿਟੀ ਦੀਆਂ ਸੈਨੇਟ ਅਤੇ ਸਿੰਡੀਕੇਟ ਚੋਣ ਪ੍ਰਣਾਲੀ ਵਿਚ ਛੇੜਖਾਨੀ ਕਰਨ ਤੋਂ ਪਰ੍ਹਾਂ ਰਹਿਣ ਲਈ ਆਖਿਆ ਹੈ। ਉਹਨਾ ਆਖਿਆ ਕਿ ਕੇਂਦਰ ਨੇ ਪੰਜਾਬ ਯੂਨੀਵਰਸਿਟੀ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਾਹੀਂ ਪੰਜਾਬ ਦੀ ਅਣਖ ਨੂੰ ਵੰਗਾਰਿਆ ਹੈ, ਜਿਸ ਨੂੰ ਪੰਜਾਬੀ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕਰਨਗੇ। ਸਾਥੀ ਬਰਾੜ ਨੇ ਕਿਹਾ ਕਿ ਸੀ ਪੀ ਆਈ ਵਿਦਿਆਰਥੀ ਅਤੇ ਅਧਿਆਪਕ ਭਾਈਚਾਰੇ ਨੂੰ ਕਾਲਜਾਂ ਅਤੇ ਸਾਰੇ ਵਿਦਿਅਕ ਅਦਾਰਿਆਂ ਵਿਚ ਸ਼ਕਤੀਸ਼ਾਲੀ ਅੰਦੋਲਨ ਚਲਾਉਣ ਦੀ ਅਪੀਲ ਕਰਦਿਆਂ ਹੋਇਆਂ ਸਮੁੱਚੀਆਂ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ।