ਪਟਿਆਲਾ. ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਜ਼ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ. ਉਪਰ ਮੁਫ਼ਤ ਸਫਰ ਸਹੂਲਤਾਂ ਦਾ 35 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਬੋਝ ਪਾ ਕੇ ਅਤੇ ਜਿਸ ਦੀ ਭਰਪਾਈ ਨਾ ਕਰਕੇ ਪੀ.ਆਰ.ਟੀ.ਸੀ. ਨੂੰ ਵਿੱਤੀ ਸੰਕਟ ਵਿੱਚ ਧੱਕ ਦਿੱਤਾ ਹੈ। ਜਿਸ ਦਾ ਖਮਿਆਜ਼ਾ ਪੀ.ਆਰ.ਟੀ.ਸੀ. ਦੇ ਮੌਜੂਦਾ ਕਰਮਚਾਰੀ ਅਤੇ ਪੰਜ ਹਜ਼ਾਰ ਸੇਵਾ-ਮੁਕਤ ਕਰਮਚਾਰੀ ਭੁਗਤ ਰਹੇ ਹਨ, ਜਿਨ੍ਹਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਅਤੇ ਪੈਨਸ਼ਨ ਮਹੀਨਾ-ਮਹੀਨਾ ਲੇਟ ਮਿਲ ਰਹੀ ਹੈ। ਮੈਡੀਕਲ ਬਿੱਲ, ਗੰਭੀਰ ਬਿਮਾਰੀਆਂ ਦੇ ਵੀ ਰੁਕੇ ਪਏ ਹਨ। ਕੰਟਰੈਕਟ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਬੁਢਾਪੇ ਵਿੱਚ ਦੁਰਦਸ਼ਾ ਦਾ ਸ਼ਿਕਾਰ ਹੋਏ 400 ਵਰਕਰਾਂ ਨੂੰ 1992 ਦੀ ਪੈਨਸ਼ਨ ਸਕੀਮ ਦਾ ਲਾਭ ਨਹੀਂ ਦਿੱਤਾ ਜਾ ਰਿਹਾ, ਪੀ.ਆਰ.ਟੀ.ਸੀ. ਦੀ ਮਾਲਕੀ ਵਾਲੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ। ਪ੍ਰਾਈਵੇਟ ਟਰਾਂਸਪੋਰਟ ਮਾਫੀਏ ਨੂੰ ਨਕੇਲ ਨਹੀਂ ਪਾਈ ਜਾ ਰਹੀ ਅਤੇ ਇਸ ਤੋਂ ਇਲਾਵਾ ਹੋਰ ਅਨੇਕ ਮਸਲੇ ਹਨ, ਜਿਨ੍ਹਾਂ ਨੂੰ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਐਕਸ਼ਨ ਕਮੇਟੀ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਮਿਤੀ 16 ਸਤੰਬਰ ਨੂੰ ਪਟਿਆਲਾ ਵਿਖੇ ਮਿੰਨੀ ਸਕੱਤਰੇਤ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਜਾਵੇਗਾ। ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ।
ਉਧਰ, ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਭਿੰਦਰ ਸਿੰਘ, ਉੱਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਦੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ। ਅੱਧੀ ਤਨਖਾਹ ਤੇ ਪੈਨਸ਼ਨ ਪਾਉਣ ਕਰਕੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਸੇ ਸਮੇਂ ਤੋਂ ਤਨਖਾਹ ਪੈਨਸ਼ਨ ਕਦੇ ਵੀ ਸਮੇਂ ਸਿਰ ਨਹੀਂ ਮਿਲੀ, ਸੇਵਾ-ਮੁਕਤੀ ਬਕਾਏ ਨਹੀਂ ਦਿੱਤੇ ਜਾ ਰਹੇ।
ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ 500 ਦੇ ਕਰੀਬ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਦੇ ਕੇ ਘੋਰ ਬੇ-ਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਪ੍ਰਾਈਵੇਟ ਟਰਾਂਸਪੋਰਟ ਬੱਸ ਮਾਫੀਏ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਪੀ.ਆਰ.ਟੀ.ਸੀ. ਬਠਿੰਡਾ ਡਿਪੂ ਵਿੱਚ ਹੋਏ ਬਹੁ ਕਰੋੜੀ ਘਪਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਥਾਂ ਪੀ.ਆਰ.ਟੀ.ਸੀ ਦੀ ਮਾਲਕੀ ਦੀਆਂ ਬੱਸਾਂ ਪਾਉਣ ਲਈ ਤਿਆਰ ਨਹੀਂ। ਪੀ.ਆਰ.ਟੀ.ਸੀ. ਵਰਕਰਜ਼ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੀ, ਪੀ.ਆਰ.ਟੀ.ਸੀ, ਵਰਕਰਜ਼ ਐਕਸ਼ਨ ਕਮੇਟੀ ਨੇ 17 ਮੰਗਾਂ ਦਾ ਮੰਗ ਪੱਤਰ ਜੋ ਪੀ.ਆਰ.ਟੀ.ਸੀ ਅਤੇ ਪੰਜਾਬ ਸਰਕਾਰ ਨਾਲ ਸੰਬੰਧਤ ਹੈ, ਉਸ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਐਕਸ਼ਨ ਕਮੇਟੀ ਵੱਲੋਂ 16 ਸਤੰਬਰ ਨੂੰ ਮਿੰਨੀ ਸਕੱਤਰੇਤ ਦੇ ਸਾਹਮਣੇ ਡੀ.ਸੀ. ਪਟਿਆਲਾ ਦੇ ਖਿਲਾਫ ਇੱਕ ਜ਼ੋਰਦਾਰ ਰੋਸ ਧਰਨਾ ਦਿੱਤਾ ਜਾਵੇਗਾ।
ਮੀਟਿੰਗ ਨੂੰ ਮੁਹੰਮਦ ਖਲੀਲ ਜਨਰਲ ਸਕੱਤਰ, ਉੱਤਮ ਸਿੰਘ ਬਾਗੜੀ, ਵਰਕਿੰਗ ਪ੍ਰਧਾਨ ਜਗਤਾਰ ਸਿੰਘ, ਰਾਮ ਸਰੂਪ ਅਗਰਵਾਲ, ਸੁਖਦੇਵ ਰਾਮ ਸੁੱਖੀ, ਭਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਹਾਜ਼ਰ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ 16 ਸਤੰਬਰ ਨੂੰ 11 ਵਜੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵੱਧ ਤੋਂ ਵੱਧ ਸਾਥੀ ਪਹੁੰਚਣ ਦੀ ਖੇਚਲ ਕਰਨ। ਸਟੇਜ ਦਾ ਸੰਚਾਲਨ ਰਮੇਸ਼ ਕੁਮਾਰ ਡਿਪਟੀ ਜਨਰਲ ਸਕੱਤਰ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਨੇ ਬਾਖੂਬੀ ਨਿਭਾਇਆ।





