ਰੇਲ ਗੱਡੀ ਦੀ ਛੱਤ ’ਤੇ ਚੜ੍ਹਿਆ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸਿਆ

0
108

ਫਗਵਾੜਾ : ਫਿਲੌਰ ਰੇਲਵੇ ਸਟੇਸ਼ਨ ’ਤੇ ਵੀਰਵਾਰ ਸਵੇਰੇ ਯਾਤਰੀਆਂ ਅਤੇ ਰੇਲਵੇ ਸਟਾਫ ਵਿੱਚ ਉਦੋਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਅੱਧਖੜ ਉਮਰ ਦਾ ਅਣਪਛਾਤਾ ਵਿਅਕਤੀ ਸੁਲਤਾਨਪੁਰ ਲੋਧੀ ਤੋਂ ਆਈ ਡੀ ਐੱਮ ਯੂ (ਡੀਜ਼ਲ ਮਲਟੀਪਲ ਯੂਨਿਟ) ਟਰੇਨ ਦੀ ਛੱਤ ’ਤੇ ਚੜ੍ਹ ਗਿਆ। ਇਹ ਘਟਨਾ ਸਵੇਰੇ ਕਰੀਬ 9:30 ਵਜੇ ਦੀ ਹੈ। ਚਸ਼ਮਦੀਦਾਂ ਅਨੁਸਾਰ ਇਹ ਆਦਮੀ ਜਿਸ ਦੀ ਉਮਰ ਕਰੀਬ 40 ਤੋਂ 45 ਸਾਲ ਦੱਸੀ ਜਾ ਰਹੀ ਹੈ, ਬਿਨਾਂ ਕਿਸੇ ਭੜਕਾਹਟ ਦੇ ਰੇਲ ਗੱਡੀ ’ਤੇ ਚੜ੍ਹਦਾ ਦੇਖਿਆ ਗਿਆ। ਪਲੇਟਫਾਰਮ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਵਾਰ-ਵਾਰ ਹੇਠਾਂ ਉਤਰਨ ਲਈ ਕਿਹਾ, ਪਰ ਉਸ ਨੇ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਲੋਕਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਦੇ ਬਾਵਜੂਦ ਉਹ ਵਿਅਕਤੀ ਰੇਲ ਗੱਡੀ ਦੀ ਛੱਤ ’ਤੇ ਚੜ੍ਹ ਗਿਆ ਤੇ ਉਪਰੋਂ ਜਾਂਦੀ ਹਾਈ ਟੈਨਸ਼ਨ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਿਆ। ਤਾਰ ਵਿੱਚ ਅੰਦਾਜ਼ਨ 25,000 ਵੋਲਟ ਦਾ ਹਾਈ-ਟੈਨਸ਼ਨ ਕਰੰਟ ਸੀ। ਜਿਵੇਂ ਹੀ ਉਸ ਦਾ ਹੱਥ ਤਾਰ ਨਾਲ ਲੱਗਾ, ਉਹ ਬੁਰੀ ਤਰ੍ਹਾਂ ਝੁਲਸ ਗਿਆ। ਕੁਝ ਸਕਿੰਟਾਂ ਬਾਅਦ ਉਹ ਰੇਲ ਗੱਡੀ ਦੀ ਛੱਤ ਤੋਂ ਪਲੇਟਫਾਰਮ ’ਤੇ ਡਿੱਗ ਪਿਆ। ਉਸ ਨੂੰ ਤੁਰੰਤ ਇਲਾਜ ਲਈ ਫਿਲੌਰ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲੌਰ ਰੇਲਵੇ ਪੁੁਲਸ ਪੋਸਟ ਦੇ ਇੰਚਾਰਜ ਹਰਮੇਸ਼ ਲਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਦੀ ਪਛਾਣ ਨਹੀਂ ਹੋ ਸਕੀ, ਪਰ ਉਹ 90 ਤੋਂ 95 ਫੀਸਦ ਤੱਕ ਝੁਲਸ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।