ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਅਤੇ ਸਮੂਹ ਬੋਹਨਾ ਪਰਵਾਰ ਵੱਲੋਂ ਉੱਘੇ ਕਮਿਊਨਿਸਟ ਤੇ ਮੁਲਾਜ਼ਮ ਆਗੂ ਕਾਮਰੇਡ ਰਣਧੀਰ ਸਿੰਘ ਗਿੱਲ ਦੀ ਤੀਸਰੀ ਬਰਸੀ ਸੈਮੀਨਾਰ ਦੇ ਰੂਪ ਵਿੱਚ ਮਨਾਈ ਗਈ।ਮਹਾਨ ਸਮਾਜਵਾਦੀ ਅਕਤੂਬਰ ਇਨਕਲਾਬ ਦੀ ਵਰੇ੍ਹਗੰਢ ਨੂੰ ਸਮਰਪਿਤ ਇਹ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਮਨਾਏ ਗਈ। ਸਮਾਗਮ ਦੀ ਪ੍ਰਧਾਨਗੀ ਕਰਨ ਦਾ ਮਾਣ ਉੱਘੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਪ੍ਰਾਪਤ ਹੋਇਆ। ਸਭ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਆਗੂਆਂ ਅਤੇ ਲੋਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਾਮਰੇਡ ਰਣਧੀਰ ਸਿੰਘ ਗਿੱਲ ਹੁਰਾਂ ਨੇ ਵਿਦਿਆਰਥੀ ਜਥੇਬੰਦੀ ਏ ਆਈ ਐੱਸ ਐੱਫ ਤੋਂ ਸ਼ੁਰੂਆਤ ਕਰਦਿਆਂ ਅਧਿਆਪਕ ਲਹਿਰ ਦੀ ਅਗਵਾਈ ਕੀਤੀ।ਉਹਨਾ ਆਖਿਆ ਕਿ ਉਹ ਸਿਰਫ ਅਧਿਆਪਕ ਲਹਿਰ ਦੇ ਹੀ ਆਗੂ ਨਹੀਂ ਸਨ, ਉਹਨਾਂ ਆਪਣੇ ਸਮੇਂ ਵਿੱਚ ਸਮੁੱਚੇ ਕਿਰਤ ਕਰਨ ਵਾਲੇ ਲੋਕਾਈ ਦੀ ਅਗਵਾਈ ਕੀਤੀ।ਕਾਮਰੇਡ ਗਿੱਲ ਨੂੰ ਯਾਦ ਕਰਨਾ ਸਾਡਾ ਸਾਰਿਆਂ ਦਾ ਪਵਿੱਤਰ ਫਰਜ਼ ਬਣਦਾ ਹੈ ਅਤੇ ਅਸੀਂ ਇਸ ਫਰਜ਼ ਨੂੰ ਪੂਰਾ ਕਰ ਰਹੇ ਹਾਂ।ਇਸ ਮੌਕੇ ਮਾਰਕਸਵਾਦੀ ਚਿੰਤਕ ਕਾਮਰੇਡ ਜਗਰੂਪ ਨੇ ‘ਏ ਆਈ (ਬਣਾਉਟੀ ਬੁੱਧੀ) ਅਤੇ ਸਾਂਝੀਵਾਲਤਾ’ ਦੇ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖ ਸੰਦ, ਮਸ਼ੀਨ, ਇੰਜਣ, ਨਿਊਕਲੀਅਰ, ਸੋਲਰ ਅਤੇ ਐੱਸ ਟੀ ਆਰ ਆਦਿ ਪੈਦਾਵਾਰੀ ਤੋਂ ਹੁੰਦਾ ਹੋਇਆ ਏ ਆਈ ਤੱਕ ਪਹੁੰਚਿਆ ਹੈ।ਅੱਜ ਇਸ ਤਕਨੀਕ ਤੇ ਸਰਮਾਏਦਾਰੀ ਪ੍ਰਬੰਧ ਦਾ ਕਾਬਜ਼ ਹੋਣਾ ਸਮੁੱਚੀ ਮਨੁੱਖਤਾ ਲਈ ਖਤਰਾ ਬਣ ਗਿਆ ਹੈ ।ਇਸ ਸਮੇਂ ਲੋੜ ਹੈ ਕਿ ਕਾਮਰੇਡ ਰਣਧੀਰ ਸਿੰਘ ਗਿੱਲ ਦੇ ਸੁਪਨਿਆਂ ਦਾ ਸਮਾਜਵਾਦੀ ਪ੍ਰਬੰਧ ਸਿਰਜ ਏ ਆਈ (ਬਣਾਉਟੀ ਬੁੱਧੀ) ਵਰਗੀ ਤਕਨੀਕ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਲਈ ਵਰਤਿਆ ਜਾਵੇ, ਇਸ ਨਾਲ ਸਾਰੇ ਮਨੁੱਖਾਂ ਦੀਆਂ ਲੋੜਾਂ ਨੂੰ ਪੂਰਿਆਂ ਕੀਤਾ ਜਾ ਸਕਦਾ ਹੈ।‘ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇਤਿਹਾਸਕ ਮਹੱਤਵ’ ਵਿਸ਼ੇ ’ਤੇ ਗੱਲ ਕਰਦਿਆਂ ਉੱਘੇ ਚਿੰਤਕ ਪ੍ਰੋਫੈਸਰ ਸੁਖਦੇਵ ਸਿਰਸਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਲੋਕਾਂ ਦੇ ਹੱਕਾਂ ਤੇ ਸਰਮਾਏਦਾਰੀ ਪ੍ਰਬੰਧ ਫਾਸ਼ੀਵਾਦ, ਨਿੱਜੀਕਰਨ, ਉਦਾਰੀਕਰਨ ਵਰਗੇ ਤਰੀਕਿਆਂ ਨਾਲ ਡਾਕਾ ਮਾਰ ਰਿਹਾ ਹੈ, ਉਸ ਵੇਲੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸ਼ਹਾਦਤ ਦਾ ਮਹੱਤਵ ਹੋਰ ਵਧ ਜਾਂਦਾ ਹੈ।ਇਸ ਮੌਕੇ ਮਨੁੱਖ ਗੁਰੂ ਤੇਗ ਬਹਾਦਰ ਦੇ ਦਿੱਤੇ ਹੋਏ ਰਸਤੇ ’ਤੇ ਨਿਰਭਓ ਅਤੇ ਨਿਰਵੈਰ ਰਹਿ ਕੇ ਹੀ ਮਨੁੱਖਤਾ ਦੇ ਭਲੇ ਲਈ ਇਸ ਪ੍ਰਬੰਧ ’ਤੇ ਜਿੱਤ ਪ੍ਰਾਪਤ ਕਰ ਸਕਦਾ ਹੈ। ‘ਅਧਿਆਪਕ ਅੰਦੋਲਨ ਅਤੇ ਨਵੀਂ ਸਿੱਖਿਆ ਨੀਤੀ’ ਦੇ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੇਖਕ ਤੇ ਆਲੋਚਕ ਡਾਕਟਰ ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਨਵੀਂ ਸਿੱਖਿਆ ਨੀਤੀ 2020 ਦੇ ਹਮਲਿਆਂ ਦਾ ਡਟ ਕੇ ਟਾਕਰਾ ਕਰਨਾ ਪੈਣਾ ਹੈ।ਇਹ ਸਿੱਖਿਆ ਨੀਤੀ ਵਿਦਿਆਰਥੀਆਂ ਤੋਂ ਵਿਗਿਆਨਕ, ਧਰਮ ਨਿਰਪੱਖ ਅਤੇ ਸਮਾਜਵਾਦੀ ਸਿੱਖਿਆ ਖੋਹ ਕੇ ਕੁਝ ਲੋਕਾਂ ਦੇ ਹੱਕ ਵਿੱਚ ਭੁਗਤਣ ਵਾਲੀ ਵਿੱਦਿਆ ਦੇਣ ਵਾਲੀ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਹੱਕ ਤੋਂ ਵਾਂਝਾ ਕੀਤਾ ਜਾਵੇਗਾ।ਉਹਨਾ ਕਿਹਾ ਕਿ ਚਿੰਤਾ ਦੀ ਗੱਲ ਹੈ ਕਿ ਇਸ ਨੀਤੀ ਤਹਿਤ ਇਤਿਹਾਸ ਦੀ ਥਾਂ ਮਿਥਹਾਸ ਪੜ੍ਹਾਇਆ ਜਾ ਰਿਹਾ ਹੈ, ਜਿਸ ਨਾਲ ਸਾਡੇ ਦੇਸ਼ ਦਾ ਪੂਰੀ ਦੁਨੀਆਂ ਵਿੱਚ ਮਜ਼ਾਕ ਬਣ ਰਿਹਾ ਹੈ।ਕਵੀ ਹਰਮਿੰਦਰ ਸਿੰਘ ਕੋਹਾਰਵਾਲਾ, ਹਾਸ ਵਿਅੰਗ ਲੇਖਕ ਕੇ ਐੱਲ ਗਰਗ ਅਤੇ ਸਾਬਕਾ ਅਧਿਆਪਕ ਆਗੂ ਬਲਵੀਰ ਸਿੰਘ ਰਾਮੂੰਵਾਲਾ ਨੂੰ ਉਹਨਾਂ ਦੀਆਂ ਸਮਾਜ ਨੂੰ ਦਿੱਤੀਆਂ ਸੇਵਾਵਾਂ ਬਦਲੇ ਭਾਰਤੀ ਕਮਿਊਨਿਸਟ ਪਾਰਟੀ ਮੋਗਾ ਅਤੇ ਸਮੂਹ ਬੋਹਨਾ ਪਰਵਾਰ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਮੋਤੀ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸਰਪੰਚ ਸੁਖਮੰਦਰ ਸਿੰਘ ਬਹੋਨਾ, ਹੰਸ ਰਾਜ ਗੋਲਡਨ, ਸੁਖਦੇਵ ਸ਼ਰਮਾ, ਹਰਪਾਲ ਕੌਰ ਜੀਵਨ ਸਾਥਣ ਕਾਮਰੇਡ ਰਣਧੀਰ ਗਿੱਲ, ਡਾਕਟਰ ਇੰਦਰਵੀਰ ਗਿੱਲ, ਡਾਕਟਰ ਜਸਜੀਤ ਕੌਰ ਗਿੱਲ, ਸੁਖਦੇਵ ਭੋਲਾ , ਗੁਰਦਿੱਤ ਦੀਨਾ, ਸਿਕੰਦਰ ਮਧੇਕੇ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਸੁਖਜਿੰਦਰ ਮਹੇਸਰੀ, ਕਰਮਵੀਰ ਕੌਰ ਬੱਧਨੀ, ਜਗਸੀਰ ਖੋਸਾ, ਬੂਟਾ ਸਿੰਘ ਭੱਟੀ, ਕੁਲਬੀਰ ਢਿੱਲੋਂ, ਸਟੇਟ ਐਵਾਰਡੀ ਹਰਨੇਕ ਸਿੰਘ ਰੋਡੇ, ਚਰਨਜੀਤ ਛਾਂਗਾਰਾਏ, ਸ਼ੇਰ ਸਿੰਘ ਦੌਲਤਪੁਰਾ, ਕਿਸਾਨ ਆਗੂ ਭਰਪੂਰ ਸਿੰਘ ਸਵੱਦੀ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਸੇਖੋਂ, ਰਾਜ ਕੁਮਾਰ, ਟਵਿੰਕਲ ਦੀਪ, ਪਰਮਿੰਦਰ ਸਿੰਘ, ਵਿਦਿਆਰਥੀ ਆਗੂ ਸੁਖਵਿੰਦਰ ਮਲੋਟ, ਸਵਰਾਜ ਖੋਸਾ, ਬੋਹੜ ਬੁੱਟਰ, ਜਸਪ੍ਰੀਤ ਬੱਧਨੀ, ਨਵਜੀਤ ਸੰਗਰੂਰ, ਹਰਬੰਸ ਸਾਗ਼ਰ, ਹਰਪਾਲ ਸਿੰਘ ਐਡਵੋਕੇਟ ਆਦਿ ਆਗੂ ਹਾਜ਼ਰ ਸਨ।





