ਕੇਂਦਰ ਸਰਕਾਰ, ਸਿੱਖਿਆ ਮੰਤਰਾਲਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਸਾਧਾਰਨ ਦਖਲ, ਪਿਛਲੇ ਵਰ੍ਹਿਆਂ ਵਿੱਚ ਨਿਯੁਕਤੀਆਂ ’ਚ ਆਰ ਐੱਸ ਐੱਸ ਨਾਲ ਸੰਬੰਧਤ ਲੋਕਾਂ ਦੀ ਭਰਤੀ, ਖੋਜਾਰਥੀਆਂ ਦੀ ਗਿਣਤੀ ’ਚ ਵੱਡੀ ਕਟੌਤੀ ਤੇ ਦਿੱਲੀ ਪੁਲਸ ਦੀ ਮਦਦ ਨਾਲ ਸੱਤਾ ਤੋਂ ਅਸਹਿਮਤ ਵਿਦਿਆਰਥੀ ਜਥੇਬੰਦੀਆਂ ਵਿਰੁੱਧ ਦਹਿਸ਼ਤ ਪੈਦਾ ਕਰਨ ਵਾਲੀਆਂ ਹਿੰਸਕ ਘਟਨਾਵਾਂ ਦੇ ਬਾਵਜੂਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਵਿੱਚ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਨੇ ਪ੍ਰਧਾਨ ਸਣੇ ਚਾਰੇ ਅਹੁਦੇ ਜਿੱਤ ਕੇ ਇੱਕ ਵਾਰ ਫਿਰ ਲਾਲ ਪਰਚਮ ਲਹਿਰਾਇਆ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦਾ ਸੰਚਾਲਨ ਵਿਦਿਆਰਥੀਆਂ ਦੀ ਹੀ ਸਰਬਸੰਮਤੀ ਨਾਲ ਚੁਣੀ ਹੋਈ ਇਕਾਈ ਕਰਵਾਉਦੀ ਹੈ। ਜੇ ਇਹ ਕੰਮ ਗਿਆਨੇਸ਼ ਕੁਮਾਰ ਗੁਪਤਾ (ਮੁੱਖ ਚੋਣ ਕਮਿਸ਼ਨਰ) ਦੇ ਹੱਥ ਵਿੱਚ ਹੁੰਦਾ ਤਾਂ ਨਤੀਜੇ ਯਕੀਨਨ ਕੁਝ ਹੋਰ ਹੁੰਦੇ।
ਆਰ ਐੱਸ ਐੱਸ ਦੀ ਪੈਦਾਵਾਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨੇ ਸੱਤਾਧਾਰੀਆਂ ਦੀ ਮਦਦ ਨਾਲ ਖੱਬੇ-ਪੱਖੀ ਜਥੇਬੰਦੀਆਂ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ, ਪਰ ਖੱਬੇ-ਪੱਖੀਆਂ ਦੀ ਏਕਤਾ ਨੇ ਉਸ ਦਾ ਹੱਲਾ ਨਾਕਾਮ ਕਰ ਦਿੱਤਾ। 1971 ਤੋਂ ਸ਼ੁਰੂ ਹੋਈਆਂ ਸਟੂਡੈਂਟਸ ਯੂਨੀਅਨ ਚੋਣਾਂ ਵਿੱਚ ਹਮੇਸ਼ਾ ਖੱਬੇ-ਪੱਖੀਆਂ ਦਾ ਦਬਦਬਾ ਰਿਹਾ ਹੈ। ਪ੍ਰਧਾਨ ਦੇ ਅਹੁਦੇ ’ਤੇ ਹੁਣ ਤੱਕ ਐੱਸ ਐੱਫ ਆਈ ਨੇ 22 ਵਾਰ, ਏ ਆਈ ਐੱਸ ਆਈ ਨੇ 12 ਵਾਰ ਤੇ ਏ ਆਈ ਐੱਸ ਐੱਫ ਨੇ ਇੱਕ ਵਾਰ ਜਿੱਤ ਹਾਸਲ ਕੀਤੀ ਹੈ, ਜਿਹੜੀ ਖੱਬੇ-ਪੱਖੀ ਵਿਰਾਸਤ ਨੂੰ ਦਰਸਾਉਦੀ ਹੈ। ਏ ਬੀ ਵੀ ਪੀ ਇੱਕ ਵਾਰ 2000 ਵਿੱਚ ਜਿੱਤੀ ਸੀ ਤੇ ਉਸ ਦਾ ਉਮੀਦਵਾਰ ਸੰਦੀਪ ਮਹਾਪਾਤਰਾ ਜੇਤੂ ਰਿਹਾ ਸੀ। ਐੱਨ ਐੱਸ ਯੂ ਆਈ ਦਾ ਤਨਵੀਰ ਅਖਤਰ 1991 ਵਿੱਚ ਪ੍ਰਧਾਨ ਬਣਿਆ ਸੀ। ਕੋਵਿਡ-19 ਕਾਰਨ ਚਾਰ ਸਾਲ ਬਾਅਦ 2023 ਵਿੱਚ ਹੋਈਆਂ ਚੋਣਾਂ ਵਿੱਚ ਖੱਬੀ-ਏਕਤਾ ਨੇ ਫਿਰ ਤੋਂ ਚਾਰੇ ਅਹੁਦੇ ਜਿੱਤ ਕੇ ਆਪਣੀ ਪਕੜ ਮਜ਼ਬੂਤ ਕੀਤੀ ਸੀ। ਇਸ ਵਾਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ) ਤੇ ਡੈਮੋਕਰੇਟਿਕ ਸਟੂਡੈਂਟਸ ਫੈਡਰੇਸ਼ਨ (ਡੀ ਐੱਸ ਐੱਫ) ਨੇ ਲੈੱਫਟ ਯੂਨਿਟੀ ਦੇ ਨਾਂਅ ਹੇਠ ਚੋਣਾਂ ਲੜ ਕੇ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਜਾਇੰਟ ਸਕੱਤਰ ਦੇ ਅਹੁਦਿਆਂ ’ਤੇ ਜਿੱਤ ਦਰਜ ਕਰਕੇ ਇਤਿਹਾਸ ਦੁਹਰਾਇਆ ਹੈ। ਆਦਿਤੀ ਮਿਸ਼ਰਾ ਪ੍ਰਧਾਨ, ਕੇ. ਗੋਪਿਕਾ ਮੀਤ ਪ੍ਰਧਾਨ, ਸੁਨੀਲ ਯਾਦਵ ਜਨਰਲ ਸਕੱਤਰ ਤੇ ਦਾਨਿਸ਼ ਅਲੀ ਜਾਇੰਟ ਸਕੱਤਰ ਚੁਣੇ ਗਏ ਹਨ। ਪਿਛਲੀਆਂ ਚੋਣਾਂ ਵਿੱਚ ਏ ਆਈ ਐੱਸ ਤੇ ਡੀ ਐੱਸ ਐੱਫ ਮਿਲ ਕੇ ਲੜੇ ਸਨ, ਜਦਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ ਤੇ ਪ੍ਰੋਗਰੈਸਿਵ ਸਟੂਡੈਂਟਸ ਐਸੋਸੀਏਸ਼ਨ ਵੱਖਰਾ ਗੱਠਜੋੜ ਕਰਕੇ ਲੜੇ ਸਨ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦੇ ਫਤਵੇ ਨੇ ਮੁੜ ਦਰਸਾਇਆ ਹੈ ਕਿ ਖੱਬੀਆਂ ਸ਼ਕਤੀਆਂ ਦੀ ਏਕਤਾ ਨਾਲ ਹੀ ਫਾਸ਼ੀਵਾਦੀ ਤਾਕਤਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਏਕਤਾ ਵਿੱਚ ਹੀ ਬਲ ਹੈ!



