ਤਰਨ ਤਾਰਨ : ਵਿਧਾਨ ਸਭਾ ਜ਼ਿਮਨੀ ਚੋਣ ਦੇ ਗਰਮ ਮਾਹੌਲ ਵਿਚਕਾਰ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਸ਼ਨੀਵਾਰ ਉਸ ਸਮੇਂ ਹੋਰ ਹੁਲਾਰਾ ਮਿਲਿਆ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਉਨ੍ਹਾ ਦੀ ਮਾਤਾ ਨੇ ਨਿੱਜੀ ਤੌਰ ’ਤੇ ਚੋਣ ਮੈਦਾਨ ਵਿੱਚ ਉਤਰ ਕੇ ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਲਈ ਚੋਣ ਪ੍ਰਚਾਰ ਕੀਤਾ।ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਹਲਕੇ ਦੇ ਪਿੰਡ ਪੱਧਰੀ ਕਲਾਂ ਪਹੁੰਚੀਆਂ ਅਤੇ ਲੋਕਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ।ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਨੂੰ 11 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾ ਲੋਕਾਂ ਨੂੰ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੋਟਿੰਗ ਵਾਲੇ ਦਿਨ 3 ਨੰਬਰ ’ਤੇ ਮੌਜੂਦ ਝਾੜੂ ਦੇ ਨਿਸ਼ਾਨ ਵਾਲੇ ਬਟਨ ਨੂੰ ਦਬਾ ਕੇ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।




