ਰਾਜਾ ਵੜਿੰਗ ਬਾਰੇ ਮੇਰੀ ਭਵਿੱਖਬਾਣੀ ਸਹੀ ਨਿਕਲੀ : ਮਾਨ

0
102

ਚੰਡੀਗੜ੍ਹ (ਗੁਰਜੀਤ ਬਿੱਲਾ, ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ’ਤੇ ਉਨ੍ਹਾਂ ਦੇ ਵਾਰ-ਵਾਰ ਵਿਵਾਦਪੂਰਨ ਬਿਆਨਾਂ ਅਤੇ ਸ਼ਰਮਨਾਕ ਆਚਰਣ ਲਈ ਤਿੱਖਾ ਹਮਲਾ ਕੀਤਾ।
ਵੜਿੰਗ ’ਤੇ ਤੰਜ਼ ਕੱਸਦੇ ਹੋਏ ਮਾਨ ਨੇ ਕਿਹਾ, ‘‘ਮੇਰੇ 32 ਦੰਦ ਹਨ, ਅਤੇ ਕਈ ਵਾਰ ਮੇਰੇ ਸ਼ਬਦ ਸੱਚ ਹੋ ਜਾਂਦੇ ਹਨ। ਜਦੋਂ 2022 ਵਿੱਚ ਸਾਡੀ ਸਰਕਾਰ ਬਣੀ, ਤਾਂ ਇਹ ਕਾਂਗਰਸੀ ਆਗੂ ਲੋਕਾਂ ਦੇ ਫਤਵੇ ਨੂੰ ਹਜ਼ਮ ਨਹੀਂ ਕਰ ਸਕੇ ਅਤੇ ਸਾਡੇ ’ਤੇ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਫਿਰ ਵੀ ਮੈਂ ਕਿਹਾ, ਇਸ ਹਿਸਾਬ ਨਾਲ, ਉਹ 2026 ਤੱਕ ਪਾਗਲ ਹੋ ਜਾਣਗੇ। ਅੱਜ ਰਾਜਾ ਵੜਿੰਗ ਨੂੰ ਵੇਖਦਿਆਂ ਇਹ ਭਵਿੱਖਬਾਣੀ ਸਹੀ ਜਾਪਦੀ ਹੈ। ਕੋਈ ਵੀ ਠੀਕ ਦਿਮਾਗ ਵਾਲਾ ਵਿਅਕਤੀ ਉਸ ਤਰ੍ਹਾਂ ਨਹੀਂ ਕਰੇਗਾ, ਜਿਵੇਂ ਉਹ ਕਰ ਰਹੇ ਹਨ।’’
ਮੁੱਖ ਮੰਤਰੀ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਸਿੱਖ ਕੱਕਾਰਾਂ ਅਤੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਉਡਾਉਣ ਦੀਆਂ ਹਾਲੀਆ ਕਾਰਵਾਈਆਂ ਨਾ ਸਿਰਫ਼ ਉਨ੍ਹਾਂ ਦੀ ਅਗਿਆਨਤਾ ਨੂੰ ਦਰਸਾਉਦੀਆਂ ਹਨ, ਸਗੋਂ ਕਾਂਗਰਸ ਪਾਰਟੀ ਦੇ ਅੰਦਰ ਡੂੰਘੀਆਂ ਜੜ੍ਹਾਂ ਵਾਲੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਵੀ ਦਰਸਾਉਦੀਆਂ ਹਨ। ਮਾਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਹਮੇਸ਼ਾ ਸਿੱਖ ਧਰਮ ਅਤੇ ਸਿੱਖ ਪਛਾਣ ਪ੍ਰਤੀ ਘਿ੍ਰਣਾ ਦਿਖਾਈ ਹੈ। ਉਨ੍ਹਾ ਦੀਆਂ ਕਾਰਵਾਈਆਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦੀਆਂ ਰਹਿੰਦੀਆਂ ਹਨ, ਅਤੇ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਨੇ ਨਾ ਤਾਂ ਇਤਿਹਾਸ ਤੋਂ ਸਿੱਖਿਆ ਹੈ ਅਤੇ ਨਾ ਹੀ ਆਪਣੇ ਤਰੀਕੇ ਬਦਲੇ ਹਨ।
ਉਨ੍ਹਾ ਅੱਗੇ ਟਿੱਪਣੀ ਕੀਤੀ ਕਿ ਹੁਣ ਇਹ ਜਾਪਦਾ ਹੈ ਕਿ ਸਾਡੇ ਕੋਲ ਅੱਗੇ ਵਾਧੂ ਜ਼ਿੰਮੇਵਾਰੀਆਂ ਹਨ, ਸਾਨੂੰ ਅਜਿਹੇ ਨੇਤਾਵਾਂ ਲਈ ਸਰਕਾਰੀ ਮਾਨਸਿਕ ਹਸਪਤਾਲ ਬਣਾਉਣੇ ਪੈ ਸਕਦੇ ਹਨ, ਕਿਉਕਿ ਉਨ੍ਹਾਂ ਦੀ ਨਿਰਾਸ਼ਾ ਅਤੇ ਨਫ਼ਰਤ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਰਚਨਾਤਮਕ ਰਾਜਨੀਤੀ ਕਰਨ ਦੀ ਬਜਾਏ, ਉਹ ਭਾਈਚਾਰਿਆਂ ਦਾ ਅਪਮਾਨ ਕਰ ਰਹੇ ਹਨ ਅਤੇ ਜ਼ਹਿਰ ਫੈਲਾ ਰਹੇ ਹਨ।