ਜਥੇ ’ਚੋਂ ਔਰਤ ਨੂੰ ਭਜਾ ਕੇ ਲਿਜਾਣ ਵਾਲੇ ਪਾਕਿਸਤਾਨੀ ਆਸ਼ਕ ਦੀ ਭਾਲ

0
117

ਅਟਾਰੀ ਸਰਹੱਦ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਗਈ ਚੜ੍ਹਦੇ ਪੰਜਾਬ ਦੀ ਇਕ ਮਹਿਲਾ, ਜੋ ਸਿੱਖ ਜਥੇ ਵਿਚੋਂ ਫਰਾਰ ਹੋ ਗਈ ਸੀ, ਉਸ ਦੀ ਗਿ੍ਰਫ਼ਤਾਰੀ ਲਈ ਲਹਿੰਦੇ ਪੰਜਾਬ ਪਾਕਿਸਤਾਨ ਦੀ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕਰਦਿਆਂ ਉਸ ਨੂੰ ਭਜਾ ਕੇ ਲਿਜਾਣ ਵਾਲੇ ਵਿਅਕਤੀ ਦੇ ਘਰ ਤੱਕ ਪਹੁੰਚ ਕਰ ਲਈ ਗਈ ਹੈ। ਭਾਰਤੀ ਮਹਿਲਾ ਭੁਪਿੰਦਰ ਕੌਰ ਵਾਸੀ ਕਪੂਰਥਲਾ ਚਾਰ ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਨਨਕਾਣਾ ਸਾਹਿਬ ਵਿਖੇ ਪੁੱਜੀ ਸੀ। ਉਹ ਆਪਣੇ ਇਕ ਪਾਕਿਸਤਾਨੀ ਦੋਸਤ, ਜਿਸ ਨਾਲ ਉਸ ਨੇ ਪਿਛਲੇ ਦੋ ਸਾਲ ਤੋਂ ਫੇਸਬੁਕ ਰਾਹੀਂ ਰਾਬਤਾ ਬਣਾਇਆ ਸੀ, ਨਾਲ ਫਰਾਰ ਹੋ ਗਈ ਤੇ ਉਹ ਜਥੇ ਨਾਲ ਵਾਪਿਸ ਨਹੀਂ ਪਰਤੀ।
ਭਾਰਤੀ ਮਹਿਲਾ ਨੂੰ ਭਜਾ ਕੇ ਖੜਨ ਵਾਲੇ ਪਾਕਿਸਤਾਨੀ ਨਾਗਰਿਕ ਦੀ ਪਹਿਚਾਣ ਨਾਸਰ ਹੁਸੈਨ ਵਾਸੀ ਪਿੰਡ ਪਿੰਡੀ ਦਾਸ ਨਜ਼ਦੀਕ ਸ਼ੇਖੂਪੁਰਾ, ਜ਼ਿਲ੍ਹਾ ਨਨਕਾਣਾ ਸਾਹਿਬ ਵਜੋਂ ਹੋਈ ਹੈ। ਲਹਿੰਦੇ ਪੰਜਾਬ ਪਾਕਿਸਤਾਨ ਦੀ ਪੁਲਸ ਦੋਵਾਂ ਦੀ ਗਿ੍ਰਫਤਾਰੀ ਲਈ ਯਤਨਸ਼ੀਲ ਹੈ ਤੇ ਉਹ ਥਾਂ ਥਾਂ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਨਾਸਰ ਹੁਸੈਨ ਦੇ ਲੜਕੇ ਅਤੇ ਭਰਾ ਨੂੰ ਫਿਲਹਾਲ ਖਬਰ ਲਿਖੇ ਜਾਣ ਤੱਕ ਗਿ੍ਰਫ਼ਤਾਰ ਕੀਤਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਪਾਕਿਸਤਾਨ ਦੀ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹਨਾ ਵੱਲੋਂ ਪੰਜਾਬ ਪੁਲਸ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਥੇ ’ਚ ਪਾਕਿਸਤਾਨ ਆ ਕੇ ਲਾਪਤਾ ਹੋਈ ਭਾਰਤੀ ਮਹਿਲਾ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕਰਕੇ ਭਾਰਤ ਭੇਜਿਆ ਜਾਵੇ। ਉਹਨਾ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਇਹੋ ਜਿਹੀ ਘਟਨਾ ਵਾਪਰਨੀ ਪਾਕਿਸਤਾਨੀ ਸਿੱਖਾਂ ਲਈ ਵੀ ਵੱਡੀ ਮੁਸੀਬਤ ਹੈ।