ਨਿੱਕੇ ਹੱਜ ’ਤੇ ਗਏ 43 ਭਾਰਤੀਆਂ ਦੀ ਸੜਕ ਹਾਦਸੇ ’ਚ ਮੌਤ

0
95

ਰਿਆਧ : ਸਾਊਦੀ ਅਰਬ ਵਿੱਚ ਸੋਮਵਾਰ ਸਵੇਰੇ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਡੀਜ਼ਲ ਵਾਲੇ ਟੈਂਕਰ ਨਾਲ ਟੱਕਰ ’ਚ ਹੈਦਰਾਬਾਦ ਨਾਲ ਸੰਬੰਧਤ 43 ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ। ਉਨ੍ਹਾ ਨਾਲ ਚੱਲ ਰਹੇ ਦੋ ਸਾਊਦੀ ਨਾਗਰਿਕ ਵੀ ਮਾਰੇ ਗਏ। ਹਾਦਸਾ ਭਾਰਤੀ ਸਮੇਂ ਮੁਤਾਬਕ ਤੜਕੇ ਡੇਢ ਵਜੇ ਦੇ ਕਰੀਬ ਮੁਫ਼ਰੀਹਾਟ ਇਲਾਕੇ ਵਿੱਚ ਹੋਇਆ। ਬੱਸ ’ਤੇ ਕੁੱਲ 46 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਹੀ ਬਚਿਆ ਹੈ ਤੇ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਿ੍ਰਤਕਾਂ ’ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ ਸੀ ਸੱਜਨਾਰ ਨੇ ਮੁੱਢਲੀ ਜਾਣਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਘੱਟੋਘੱਟ 45 ਲੋਕ ਮਾਰੇ ਗਏ ਹਨ। ਉਨ੍ਹਾ ਕਿਹਾ ਕਿ 9 ਨਵੰਬਰ ਨੂੰ 54 ਵਿਅਕਤੀ ਜੇਦਾਹ ਗਏ ਸਨ ਤੇ ਇਨ੍ਹਾਂ ਨੇ 23 ਨਵੰਬਰ ਨੂੰ ਉਥੋਂ ਵਾਪਸ ਆਉਣਾ ਸੀ। ਇਨ੍ਹਾਂ 54 ਵਿੱਚੋਂ ਚਾਰ ਜਣੇ ਵੱਖਰੇ ਤੌਰ ’ਤੇ ਕਾਰ ਰਾਹੀਂ ਮਦੀਨਾ ਦੀ ਯਾਤਰਾ ਕਰ ਰਹੇ ਸਨ, ਜਦੋਂਕਿ ਚਾਰ ਹੋਰਨਾਂ ਨੇ ਮੱਕਾ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। ਬੱਸ ਵਿੱਚ 46 ਵਿਅਕਤੀ ਸਨ। ਬਚਣ ਵਾਲੇ ਦੀ ਪਛਾਣ 24 ਸਾਲਾ ਮੁਹੰਮਦ ਅਬਦੁਲ ਸ਼ੋਇਬ ਵਜੋਂ ਹੋਈ ਹੈ ਤੇ ਉਹ ਬੱਸ ਦੇ ਡਰਾਈਵਰ ਕੋਲ ਬੈਠਾ ਸੀ।