ਤਿੰਨ ਹੋਰ ਕਾਲੇ ਹਿਰਨਾਂ ਦੀ ਮੌਤ

0
108

ਬੇਲਾਗਾਵੀ (ਕਰਨਾਟਕ) : ਕਿਟੂਰ ਰਾਣੀ ਚੇਨੰਮਾ ਚਿੜੀਆਘਰ ’ਚ ਤਿੰਨ ਹੋਰ ਕਾਲੇ ਹਿਰਨਾਂ (ਬਲੈਕਬੱਕ) ਦੀ ਮੌਤ ਨਾਲ ਪਿਛਲੇ ਚਾਰ ਦਿਨਾਂ ਵਿੱਚ ਕੁੱਲ ਮੌਤਾਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ। ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖਾਂਡਰੇ ਨੇ ਕਿਹਾ ਕਿ ਕਾਲੇ ਹਿਰਨਾਂ ਦੀ ਮੌਤ ਬੈਕਟੀਰੀਆ ਦੀ ਲਾਗ ਕਾਰਨ ਹੋਈ ਹੈ ਅਤੇ ਉਨ੍ਹਾ ਨੇ ਉੱਚ-ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾ ਬੈਕਟੀਰੀਆ ਦੀ ਲਾਗ ਦੇ ਫੈਲਣ ਦੀ ਤੁਲਨਾ ਕੋਵਿਡ-19 ਨਾਲ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਚਿੜੀਆਘਰ ਵਿੱਚ ਕਾਲੇ ਹਿਰਨਾਂ ਦੀ ਆਬਾਦੀ 38 ਤੋਂ ਘਟ ਕੇ ਸੱਤ ਰਹਿ ਗਈ ਹੈ। ਵੀਰਵਾਰ 8 ਤੇ ਸਨਿੱਚਰਵਾਰ ਨੂੰ 20 ਹਿਰਨਾਂ ਦੀ ਮੌਤ ਹੋਈ ਸੀ। ਐਤਵਾਰ ਤੇ ਸੋਮਵਾਰ ਤਿੰਨ ਹੋਰ ਕਾਲੇ ਹਿਰਨਾਂ ਦੀ ਮੌਤ ਹੋ ਗਈ।
ਆਸਾਮ ’ਚ ਐੱਸ ਆਈ ਆਰ ਦਾ ਹੁਕਮ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਅਸਾਮ ਵਿੱਚ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਦੇ ਹੁਕਮ ਦੇ ਦਿੱਤੇ। ਪਹਿਲੀ ਜਨਵਰੀ 2026 ਤੱਕ ਵਿਸ਼ੇਸ਼ ਮੁੜ ਸੁਧਾਈ ਨੂੰ ਲਾਗੂ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਕਈ ਰਾਜਾਂ ਵਿੱਚ ਐੱਸ ਆਈ ਆਰ ਦਾ ਹੁਕਮ ਦਿੱਤਾ ਸੀ। ਇਨ੍ਹਾਂ ਵਿੱਚੋਂ ਤਾਮਿਲਨਾਡੂ, ਪੁਡੂਚੇਰੀ, ਕੇਰਲਾ ਅਤੇ ਪੱਛਮੀ ਬੰਗਾਲ ’ਚ ਚੋਣਾਂ ਅਗਲੇ ਸਾਲ ਹੋਣਗੀਆਂ। ਅਸਾਮ ਲਈ ਐੱਸ ਆਈ ਆਰ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਗਿਆ ਹੈ, ਹਾਲਾਂਕਿ ਉੱਥੇ ਵੀ ਅਗਲੇ ਸਾਲ ਚੋਣਾਂ ਹੋਣੀਆਂ ਹਨ।
ਕਸ਼ਮੀਰੀ ਵਪਾਰੀ ਨੇ ਦਮ ਤੋੜਿਆ
ਸ੍ਰੀਨਗਰ : ਡਰਾਈ ਫਰੂਟ ਵਪਾਰੀ ਬਿਲਾਲ ਅਹਿਮਦ ਵਾਨੀ, ਜਿਸ ਨੇ ਦਹਿਸ਼ਤੀ ਮੌਡਿਊਲ ਕੇਸ ਵਿੱਚ ਪੁਲਸ ਵੱਲੋਂ ਪੁੱਛਗਿੱਛ ਲਈ ਸੱਦੇ ਜਾਣ ਮਗਰੋਂ ਕਾਜ਼ੀਗੁੰਡ ਵਿਚਲੇ ਆਪਣੇ ਘਰ ਵਿਚ ਖੁਦ ਨੂੰ ਅੱਗ ਲਾ ਲਈ ਸੀ, ਦੀ ਐਤਵਾਰ ਰਾਤ ਹਸਪਤਾਲ ਵਿੱਚ ਮੌਤ ਹੋ ਗਈ। ਪੁਲਸ ਨੇ ਟੈਰਰ ਮੌਡਿਊਲ ਕੇਸ ਦੇ ਸੰਬੰਧ ਵਿੱਚ ਪੁੱਛ-ਪੜਤਾਲ ਲਈ ਵਾਨੀ ਤੇ ਉਸ ਦੇ ਪੁੱਤਰ ਜਾਸੀਰ ਬਿਲਾਲ ਨੂੰ ਚੁੱਕਿਆ ਸੀ। ਬਿਲਾਲ ਨੂੰ ਪੁਲਸ ਨੇ ਛੱਡ ਦਿੱਤਾ, ਜਦੋਂਕਿ ਜਾਸੀਰ ਬਿਲਾਲ ਪੁੱਛਗਿੱਛ ਲਈ ਪੁਲਸ ਦੀ ਹਿਰਾਸਤ ਵਿੱਚ ਸੀ।