ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ’ਚ ਬਟਾਲਾ ਦਾ ਐੱਸ ਡੀ ਐੱਮ ਗਿ੍ਰਫ਼ਤਾਰ

0
71

ਬਟਾਲਾ : ਵਿਜੀਲੈਂਸ ਦੀ ਟੀਮ ਨੇ ਬਟਾਲਾ ਦੇ ਐੱਸ ਡੀ ਐੱਮ-ਕਮ-ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ੁੱਕਰਵਾਰ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿ੍ਰਫਤਾਰ ਕੀਤਾ। ਵਿਜੀਲੈਂਸ ਨੇ ਇਥੋਂ ਦੇ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕਰਦਿਆਂ ਐੱਸ ਡੀ ਐੱਮ ਦੀ ਰਿਹਾਇਸ਼ ’ਤੇ ਰੇਡ ਕੀਤੀ ਤਾਂ ਉੱਥੋਂ 13 ਲੱਖ ਤੋਂ ਵੱਧ ਰੁਪਏ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਨਿਗਮ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਕਰਵਾਏ ਗਏ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਮੌਕੇ ਕੈਮਰਿਆਂ ਦੇ ਬਿੱਲ ਦਾ ਭੁਗਤਾਨ ਵੀ ਸ਼ਾਮਿਲ ਹੈ। ਇਹ ਬਿੱਲਾਂ ਦੀ ਰਾਸ਼ੀ 5, 54,395 ਰੁਪਏ ਬਣਦੀ ਹੈ। ਜਦੋਂ ਉਹ ਬਿੱਲਾਂ ਦੇ ਭੁਗਤਾਨ ਲਈ ਨਿਗਮ ਕਮਿਸ਼ਨਰ ਵਿਕਰਮਜੀਤ ਪਾਂਥੇ ਕੋਲ ਗਿਆ ਤਾਂ ਉਨ੍ਹਾ 10 ਫ਼ੀਸਦੀ ਕਮਿਸ਼ਨ ਦੀ ਮੰਗ ਕਰਦਿਆਂ ਐੱਸ ਡੀ ਓ ਰੋਹਿਤ ਉੱਪਲ ਨੂੰ ਮਿਲਣ ਲਈ ਕਿਹਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਉਪਲ ਕੋਲ ਗਿਆ ਤਾਂ ਉਸ ਨੇ ਕਮਿਸ਼ਨਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਵਰਗੇ ਸ਼ਬਦ ਬੋਲੇ। ਵਿਜੀਲੈਂਸ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ। ਜਦੋਂ ਇਹ ਰਕਮ ਸ਼ਿਕਾਇਤਕਰਤਾ ਅਮਰਪਾਲ ਸਿੰਘ ਨੇ ਐੱਸ ਡੀ ਐੱਮ-ਕਮ-ਨਗਰ ਨਿਗਮ ਕਮਿਸ਼ਨਰ ਪਾਂਥੇ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ੁੱਕਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਰੇਡ ਕਰ ਦਿੱਤੀ। ਇਸ ਦੌਰਾਨ ਵਿਜੀਲੈਂਸ ਟੀਮ ਪਾਂਥੇ ਨੂੰ ਗਿ੍ਰਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ। ਸਥਾਨਕ ਸੂਤਰਾਂ ਦਾ ਮੰਨਣਾ ਹੈ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਨਿਰਪੱਖ ਜਾਂਚ ਕੀਤੀ ਤਾਂ ਇਸ ਮਾਮਲੇ ਵਿੱਚ ਕਈ ਹੋਰ ਹੈਰਾਨੀਜਨਕ ਤੱਥਾਂ ਦੇ ਜਿੱਥੇ ਖੁਲਾਸੇ ਹੋ ਸਕਦੇ ਹਨ, ਇਸ ਦੇ ਨਾਲ ਹੀ ਨਿਗਮ ਦੇ ਹੋਰ ਅਧਿਕਾਰੀਆਂ ਦੇ ਵੀ ਇਸ ਮਾਮਲੇ ਦੀ ਗਿ੍ਰਫਤ ’ਚ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।