ਪਟਿਆਲਾ : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕੌਂਸਲ ਪਟਿਆਲਾ ਦਾ ਜਨਰਲ ਇਜਲਾਸ ਕਾਮਰੇਡ ਭਗਵਾਨ ਸਿੰਘ ਅਣਖੀ ਭਵਨ ਪਟਿਆਲਾ ਵਿਖੇ ਰਜਿੰਦਰ ਸਿੰਘ ਰਾਜਪੁਰਾ, ਉੱਤਮ ਸਿੰਘ ਬਾਗੜੀ ਅਤੇ ਰਾਮ ਚੰਦ ਚੁਨਾਗਰਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਜਨਰਲ ਇਜਲਾਸ ਦੌਰਾਨ ਸੂਬਾ ਕਮੇਟੀ ਵੱਲੋਂ ਅਬਜ਼ਰਬਰਾਂ ਵਜੋਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਨੇ ਸ਼ਿਰਕਤ ਕੀਤੀ। ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਅਦਾ ਕਰਕੇ ਡੈਲੀਗੇਟ ਇਜਲਾਸ ਦੀ ਰਸਮੀ ਸ਼ੁਰੂਆਤ ਕੀਤੀ। ਇਜਲਾਸ ਦੌਰਾਨ ਜ਼ਿਲ੍ਹੇ ਨਾਲ ਸੰਬੰਧਤ ਵੱਖ-ਵੱਖ ਬਲਾਕਾਂ ਵੱਲੋਂ 70 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲੈਂਦਿਆਂ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੂੰ ਸਰਬ-ਸੰਮਤੀ ਨਾਲ ਜ਼ਿਲ੍ਹਾ ਪਟਿਆਲਾ ਦਾ ਸਕੱਤਰ ਚੁਣਿਆ।
ਜਨਰਲ ਇਜਲਾਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਧਾਲੀਵਾਲ ਨੇ ਕਿਹਾ ਕਿ ਇਸ ਸਮੇਂ ਦੇਸ਼ ਗੰਭੀਰ ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇੱਕ ਪਾਸੇ ਜਿੱਥੇ ਅਮਰੀਕਾ ਦੇ ਇਸ਼ਾਰਿਆਂ ਉੱਤੇ ਚੱਲਦਿਆਂ ਪੂੰਜੀਪਤੀਆਂ ਦਾ ਪੱਖ ਪੂਰ ਰਹੀ ਹੈ, ਉੱਥੇ ਦੂਜੇ ਪਾਸੇ ਧਰਮ ’ਤੇ ਅਧਾਰਤ ਰਾਜਨੀਤੀ ਕਰਕੇ ਵੋਟਾਂ ਹਾਸਲ ਕਰਨ ਦੇ ਮਕਸਦ ਨਾਲ ਬਰਤਾਨਵੀ ਹਕੂਮਤ ਤੋਂ ਵੀ ਵੱਧ ਪਾੜੋ ਅਤੇ ਰਾਜ ਕਰੋ ਦੀ ਨੀਤੀ ਉੱਤੇ ਚੱਲ ਰਹੀ ਹੈ। ਘੱਟ-ਗਿਣਤੀਆਂ ਨੂੰ ਲਤਾੜਿਆ ਜਾ ਰਿਹਾ ਅਤੇ ਨਿਰੋਲ ਫਾਸ਼ੀਵਾਦ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਕਿਸਾਨ ਘੋਲ ਦੌਰਾਨ ਵਾਪਸ ਲਏ ਬਿਜਲੀ ਬਿੱਲ 2020 ਨੂੰ ਹੁਣ ਬਿਜਲੀ ਬਿੱਲ 2025 ਦੇ ਨਾਂਅ ਉੱਤੇ ਮੁੜ ਲੋਕਾਂ ’ਤੇ ਥੋਪਣ ਦੀ ਚਾਲ ਚੱਲੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀ ਸੈਕਟਰ ਨੂੰ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਦੀ ਪ੍ਰਤੱਖ ਮਿਸਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਅਮਰੀਕਾ ਤੋਂ ਦਰਾਮਦ ਕਰਨ ਵਾਲੇ ਰੂੰਅ ਨੂੰ ਟੈਕਸ ਫਰੀ ਕਰਨਾ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਅਜਿਹੇ ਫੈਸਲੇ ਕਿਸਾਨ ਮਾਰੂ ਸਾਬਤ ਹੋਣਗੇ। ਇਸ ਲਈ ਜਿੱਥੇ ਖੱਬੀਆਂ ਪਾਰਟੀਆਂ ਮੈਦਾਨ ਵਿੱਚ ਡਟੀਆਂ ਹੋਈਆਂ ਹਨ, ਉੱਥੇ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਕੇ ਹਰ ਕਿਸਾਨ-ਮਜ਼ਦੂਰ ਵਪਾਰੀ ਨੂੰ ਕਿਸਾਨ ਹਿੱਤਾਂ ਦੀ ਰਾਖੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਡੈਲੀਗੇਟ ਇਜਲਾਸ ਦੌਰਾਨ 37 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ, ਜਿਸ ਵੱਲੋਂ ਸਰਬ-ਸੰਮਤੀ ਨਾਲ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੂੰ ਜ਼ਿਲ੍ਹਾ ਸਕੱਤਰ, ਬਿਰਜ ਲਾਲ ਬਿਠਾਉਣੀਆਂ ਅਤੇ ਸੁਖਦੇਵ ਸੁੱਖੀ ਨੂੰ ਮੀਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਅੱਠ ਡੈਲੀਗੇਟਾਂ ਦੀ 15-16 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਸੂਬਾ ਕਾਨਫਰੰਸ ਲਈ ਚੋਣ ਕੀਤੀ ਗਈ।





