ਮੋਗਾ, (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ 42 ਵੀਂ ਬਰਸੀਂ ਉਨ੍ਹਾ ਦੇ ਪਿੰਡ ਘੋਲੀਆ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਨ ਨੂੰ ਸਮਰਪਿਤ ਇਕ ਸੈਮੀਨਾਰ ਕਰਕੇ ਮਨਾਈ ਗਈ। ਇਸ ਸੈਮੀਨਾਰ ਨੂੰ ਸੰਬੋਧਨ ਕਰਨ ਕਾਮਰੇਡ ਜਗਰੂਪ ਤੇ ਸੁਰਜੀਤ ਬਰਾੜ ਘੋਲੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਾਮਰੇਡ ਜਗਰੂਪ ਨੇ ਮੌਜੂਦਾ ਰਾਜਸੀ ਹਾਲਤਾਂ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾ ਕਿਹਾ ਕਿ ਕਿ ਸਾਨੂੰ ਗਦਰੀ ਬਾਬਾ ਬਚਨ ਸਿੰਘ ਘੋਲੀਆ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਂਦਿਆਂ ਉਨ੍ਹਾਂ ਦੇ ਰਾਹਾਂ ’ਤੇ ਚਲਣ ਦੀ ਜ਼ਰੂਰਤ ਹੈ। ਅੱਜ ਲੋੜ ਹੈ ਕਿ ਅਸੀਂ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ ਤੇ ਕਿਸਾਨਾਂ ਵਿੱਚ ਵੱਧ ਤੋਂ ਵੱਧ ਕੰਮ ਕਰੀਏ। ਲੋਕਾਂ ਲਈ ਕੀਤਾ ਕੰਮ ਹੀ ਸਾਨੂੰ ਸੱਚੇ ਕਮਿਊਨਿਸਟ ਬਣਨ ਦੇ ਰਾਹ ਤੋਰਦਾ ਹੈ। ਉਨ੍ਹਾ ਕਿਹਾ ਕਿ ਬਾਬਾ ਬਚਨ ਸਿੰਘ ਘੋਲੀਆ ਰੂਸ ਤੋਂ ਪੜ੍ਹ ਕੇ ਆਏ ਤੇ ਇੱਥੇ ਆ ਕੇ ਉਹਨਾ ਲੋਕਾਂ ਨੂੰ ਜਾਗਰੂਕ ਕਰ ਆਜ਼ਾਦੀ ਦੀ ਚਿਣਗ ਲਾਈ। ਬਾਬਾ ਬਚਨ ਸਿੰਘ ਘੋਲੀਆ ਨੇ ਗ਼ਦਰ ਲਹਿਰ ਦੇ ਸਿਪਾਹੀ ਬਣ ਕੇ ਅੱਧੀ ਦੁਨੀਆਂ ਉੱਤੇ ਫੈਲੀ ਬਿ੍ਰਟਿਸ਼ ਬਾਦਸ਼ਾਹਤ ਦੀ ਧਾਕੜਸ਼ਾਹੀ ਵਿਰੁੱਧ ਝੰਡਾ ਚੁੱਕਿਆ। ਉਨ੍ਹਾ ਦੇਸੀ ਹੁਕਮਰਾਨਾਂ ਵਿਰੁੱਧ ਕਿਸਾਨੀ ਨੂੰ ਲਾਮਬੰਦ ਕੀਤਾ ਅਤੇ ਆਪਣੀ ਐੱਮ ਐੱਲ ਏ ਸ਼ਿਪ ਦੀ ਪਹਿਲੀ ਤਾਕਤ ਮੁਜ਼ਾਰਿਆਂ (ਕਿਸਾਨਾਂ) ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦੇ ਲੇਖੇ ਲਾਈ। ਉਨ੍ਹਾ ਕਿਹਾ ਅੱਜ ਦੇਸ਼ ਦੇ ਸਰਮਾਏ ਤੇ ਮੁੱਠੀਭਰ ਲੋਕਾਂ ਦਾ ਕਬਜ਼ਾ ਹੈ। ਅੱਜ ਸਾਡੀ ਖੇਤੀ, ਵਿਦਿਆ, ਸਿਹਤ ਤੇ ਰੁਜ਼ਗਾਰ ਉੱਤੇ ਕਾਰਪੋਰੇਟ ਘਰਾਣੇ ਮੱਲ ਮਾਰੀ ਬੈਠੇ ਹਨ। ਫਾਇਨੈਂਸ ਕੈਪੀਟਲ ਦੀ ਹਕੂਮਤ ਤੋੜਨ ਲਈ ਸਰਮਾਇਆ ਸਮਾਜ ਦਾ ਕਰਨਾ ਹੋਵੇਗਾ। ਉਨ੍ਹਾ ਕਿਹਾ ਕਿ ਅੱਜ ਲੋਕਾਂ ਦੇ ਪੱਖ ਦੇ 44 ਕਾਨੂੰਨਾਂ ਨੂੰ ਤੋੜ-ਮਰੋੜ ਕੇ ਬਣਾਏ 4 ਕੋਡ ਕਿਰਤੀਆਂ ਦੇ ਖਿਲਾਫ ਹਨ। ਅੱਜ ਦੇਸ਼ ਤਬਦੀਲੀ ਦੀ ਮੰਗ ਕਰ ਰਿਹਾ ਹੈ, ਇਸ ਬਦਲਾਓ ਦਾ ਠੋਸ ਆਧਾਰ ਹੈ ਕਿ ਅੱਜ ਕਿਰਤੀਆਂ ਦੇ ਹੱਕ ਦੇ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤੇ ਜਾਣ। ਸਭ ਨੂੰ ਰੁਜ਼ਗਾਰ ਦਾ ਹੱਕ ਦਿੰਦਾ ਬਨੇਗਾ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਕੇ ਹੀ ਅਸੀਂ ਅੱਜ ਦੇ ਹਾਲਾਤ ਬਦਲ ਸਕਦੇ ਹਾਂ।
ਡਾਕਟਰ ਸੁਰਜੀਤ ਬਰਾੜ ਘੋਲੀਆ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਉਨ੍ਹਾ ਦੀ ਬਾਣੀ ਬਾਰੇ ਚਰਚਾ ਕੀਤੀ। ਉਹਨਾ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਸਾਨੂੰ ਸਹੀ ਰਾਹ ਦਿਖਾਉਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਜ਼ਿੰਦਗੀ ਦਾ ਫਲਸਫਾ ਹੈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਕਿਹਾ ਕਿ ਬਾਬਾ ਬਚਨ ਸਿੰਘ ਘੋਲੀਆ ਦੀ ਵਿਚਾਰਧਾਰਾ ਹੀ ਕਿਰਤ ਕਰਨ ਵਾਲੇ ਲੋਕਾਂ ਦਾ ਭਲਾ ਕਰ ਸਕਦੀ ਹੈ। ਇਸ ਲਈ ਸਾਡੇ ਲਈ ਕਮਿਊਨਿਸਟ ਵਿਚਾਰਧਾਰਾ ਨੂੰ ਫੈਲਾਉਣ ਦਾ ਪਵਿੱਤਰ ਕੰਮ ਕਰਨਾ ਬਹੁਤ ਜ਼ਰੂਰੀ ਹੈ।ਅੰਤ ਵਿੱਚ ਨੌਜਵਾਨ ਆਗੂ ਗੁਰਦਿੱਤ ਸਿੰਘ ਦੀਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਬਲਾਕ ਸਕੱਤਰ ਗੁਰਮੀਤ ਸਿੰਘ ਵਾਂਦਰ ਨੇ ਨਿਭਾਈ।ਹੋਰਨਾਂ ਤੋਂ ਇਲਾਵਾ ਮਾਸਟਰ ਬਲਵਿੰਦਰ ਸਿੰਘ ਬੁੱਧ ਸਿੰਘ ਵਾਲ਼ਾ, ਨੌਜਵਾਨ ਆਗੂ ਕਰਮਵੀਰ ਕੌਰ ਬੱਧਨੀ, ਨਰੇਗਾ ਆਗੂ ਜਗਸੀਰ ਖੋਸਾ, ਡਾਕਟਰ ਇੰਦਰਵੀਰ ਗਿੱਲ, ਸਵਰਨ ਸਿੰਘ ਖੋਸਾ, ਸਿਕੰਦਰ ਸਿੰਘ ਮਧੇਕੇ, ਕੁਲਵੰਤ ਸਿੰਘ ਸਰਪੰਚ, ਬੂਟਾ ਸਿੰਘ ਰਾਊਕੇ, ਵਿਦਿਆਰਥੀ ਆਗੂ ਨਵਜੋਤ ਕੌਰ, ਸਵਰਾਜ ਖੋਸਾ, ਜਸਪ੍ਰੀਤ ਕੌਰ ਬੱਧਨੀ ਤੇ ਗੁਰਨਾਮ ਮਾਹਲਾ ਆਦਿ ਆਗੂ ਹਾਜ਼ਰ ਸਨ।





