ਕਾਮਰਾ ਦੀ ਸ਼ਰਟ ਤੋਂ ਭਾਜਪਾ ਖਿਝੀ

0
69

ਮੁੰਬਈ : ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਸੋਸ਼ਲ ਮੀਡੀਆ ’ਤੇ ਇੱਕ ਟੀ-ਸ਼ਰਟ ਪਹਿਨੇ ਹੋਏ ਤਸਵੀਰ ਪੋਸਟ ਕਰਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਇਸ ਪੋਸਟ ਵਿੱਚ ਕਥਿਤ ਤੌਰ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦਾ ਮਜ਼ਾਕ ਉਡਾਇਆ ਗਿਆ ਹੈ। ਹਾਲਾਂਕਿ ਪੂਰਾ ‘ਆਰ’ ਸਾਫ ਨਹੀਂ ਦਿਖ ਰਿਹਾ, ਇਸ ਕਰਕੇ ਕਈ ਲੋਕਾਂ ਨੇ ਇਸ ਨੂੰ ‘ਪੀ ਐੱਸ ਐੱਸ’ ਦੱਸਿਆ ਹੈ। ਕਾਮਰਾ ਨੇ ਪੋਸਟ ਵਿੱਚ ਇਹ ਵੀ ਲਿਖਿਆ ਹੈਇਹ ਫੋਟੋ ਕਿਸੇ ਕਾਮੇਡੀ ਕਲੱਬ ਦੀ ਨਹੀਂ ਹੈ। ਮਹਾਰਾਸ਼ਟਰ ਦੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ, ‘ਪੁਲਸ ਅਜਿਹੀਆਂ ਇਤਰਾਜ਼ਯੋਗ ਪੋਸਟਾਂ ਪਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰੇਗੀ।’ ਉਨ੍ਹਾ ਇਹ ਸ਼ਬਦ ਉਦੋਂ ਕਹੇ, ਜਦੋਂ ਉਹ ਕਾਮਰਾ ਦੀ ਨਵੀਨਤਮ ਸੋਸ਼ਲ ਮੀਡੀਆ ਪੋਸਟ ਦਾ ਹਵਾਲਾ ਦੇ ਰਹੇ ਸਨ, ਜਿਸ ਵਿੱਚ ਭਾਜਪਾ ਦੇ ਵਿਚਾਰਧਾਰਕ ਸਲਾਹਕਾਰ ਆਰ ਐੱਸ ਐੱਸ ਦੇ ਹਵਾਲੇ ਦੇ ਨਾਲ ਇੱਕ ਕੁੱਤਾ ਵੀ ਦਿਖਾਇਆ ਗਿਆ ਹੈ।
ਸ਼ਿਵ ਸੈਨਾ ਦੇ ਕੈਬਨਿਟ ਮੰਤਰੀ ਸੰਜੇ ਸ਼ਿਰਸਾਟ ਨੇ ਵੀ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕਾਮਰਾ ਨੇ ਪਹਿਲਾਂ ਵੀ ਆਪਣੇ ਸ਼ੋਅਜ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਉਸ ਨੇ ਆਰ ਐੱਸ ਐੱਸ ’ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਭਾਜਪਾ ਨੂੰ ਜਵਾਬ ਦੇਣ ਦੀ ਲੋੜ ਹੈ।