ਫਿਰੋਜ਼ਪੁਰ/ਜਲਾਲਾਬਾਦ (ਗੁਰਬਚਨ ਸਿੰਘ/ਅਸ਼ੋਕ ਕੁਮਾਰ/ਜੀਤ ਕੁਮਾਰ)-ਫਿਰੋਜ਼ਪੁਰ ਦੇ ਆਰ ਐੱਸ ਐੱਸ ਆਗੂ ਬਲਦੇਵ ਰਾਜ ਅਰੋੜਾ ਦੇ 32 ਸਾਲਾ ਪੁੱਤਰ ਨਵੀਨ ਅਰੋੜਾ ਦੇ ਸਨਸਨੀਖੇਜ਼ ਕਤਲ ਤੋਂ 12 ਦਿਨਾਂ ਬਾਅਦ ਪੰਜਾਬ ਪੁਲਸ ਨੇ ਵੀਰਵਾਰ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਮਾਹਮੂ ਜੋਈਆ ਟੋਲ ਪਲਾਜ਼ਾ ਨੇੜੇ ਮੁਕਾਬਲੇ ਵਿੱਚ ਕਥਿਤ ਮੁੱਖ ਨਿਸ਼ਾਨੇਬਾਜ਼ (ਦੋਸ਼ੀ) ਬਾਦਲ ਨੂੰ ਢੇਰ ਕਰ ਦਿੱਤਾ। ਇਹ ਮੁਕਾਬਲਾ ਟੋਲ ਪਲਾਜ਼ਾ ਨੇੜੇ ਇੱਕ ਸ਼ਮਸ਼ਾਨਘਾਟ ਵਿੱਚ ਹੋਇਆ। ਸੂਤਰਾਂ ਨੇ ਦੱਸਿਆ ਕਿ ਕਥਿਤ ਮੁੱਖ ਦੋਸ਼ੀ ਬਾਦਲ ਦੇ ਖੁਲਾਸੇ ਦੇ ਆਧਾਰ ’ਤੇ ਡੀ ਐੱਸ ਪੀ ਅਤੇ ਡੀ ਐੱਸ ਪੀ (ਡੀ) ਦੀ ਅਗਵਾਈ ਵਾਲੀ ਫਿਰੋਜ਼ਪੁਰ ਪੁਲਸ ਟੀਮ ਕੇਸ ਦੇ ਸੰਬੰਧ ਵਿੱਚ ਹਥਿਆਰਾਂ ਦੀ ਬਰਾਮਦਗੀ ਆਦਿ ਲਈ ਬਾਦਲ ਦੇ ਨਾਲ ਘਟਨਾ ਸਥਾਨ ’ਤੇ ਗਈ ਸੀ। ਫਾਜ਼ਿਲਕਾ ਦੇ ਐੱਸ ਐੱਸ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਸ਼ਮਸ਼ਾਨਘਾਟ ਵਿੱਚ ਦਾਖਲ ਹੋਈ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦੋ ਵਿਅਕਤੀਆਂ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਹੈੱਡ ਕਾਂਸਟੇਬਲ ਬਲੌਰ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਨਿਸ਼ਾਨੇਬਾਜ਼ ਬਾਦਲ ਕਰਾਸ ਫਾਇਰਿੰਗ ਵਿੱਚ ਮਾਰਿਆ ਗਿਆ ਪਰ ਸ਼ਮਸ਼ਾਨਘਾਟ ਵਿੱਚ ਮੌਜੂਦ ਦੂਸਰਾ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ। ਫਿਰੋਜ਼ਪੁਰ ਦੇ ਡੀ ਆਈ ਜੀ ਹਰਮਨਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਕੀ ਤਿੰਨ ਦੋਸ਼ੀਆਂ ਕਾਲੀ, ਕਦਮ ਅਤੇ ਹਰਸ਼ ਨੂੰ ਪੁਲਸ ਨੇ ਕੁਝ ਦਿਨ ਪਹਿਲਾਂ ਹੀ ਗਿ੍ਰਫ਼ਤਾਰ ਕਰ ਲਿਆ ਸੀ।




