ਸਿਡਨੀ ਬੀਚ ’ਤੇ ਕਹਿਰ ਪਿਓ-ਪੁੱਤ ਨੇ ਵਰਤਾਇਆ

0
4

ਸਿਡਨੀ : ਇੱਥੇ ਬੌਂਡੀ ਬੀਚ ’ਤੇ ਯਹੂਦੀਆਂ ਦੇ ਇੱਕ ਸਮਾਗਮ ਦੌਰਾਨ ਬੰਦੂਕਧਾਰੀ ਪਿਓ-ਪੁੱਤ ਵੱਲੋਂ ਚਲਾਈਆਂ ਗੋਲੀਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਿਨ੍ਹਾਂ ਵਿਚ ਦਸ ਸਾਲਾ ਬੱਚੀ ਤੇ ਇਕ ਸ਼ੂਟਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਪਿਓ-ਪੁੱਤ ਸਨ। ਬੌਂਡੀ ਬੀਚ ਤੋਂ ਦੂਰ ਇੱਕ ਛੋਟੇ ਜਿਹੇ ਪਾਰਕ ਵਿੱਚ ਆਯੋਜਿਤ ਯਹੂਦੀ ਸਮਾਗਮ ਵਿੱਚ 1000 ਦੇ ਕਰੀਬ ਲੋਕ ਮੌਜੂਦ ਸਨ।
ਪਿਓ-ਪੁੱਤ ਦੀ ਪਛਾਣ ਸਾਜਿਦ ਅਕਰਮ (50) ਤੇ ਉਸ ਦੇ 24 ਸਾਲਾ ਪੁੱਤਰ ਨਾਵੀਦ ਅਕਰਮ ਵਜੋਂ ਹੋਈ ਹੈ। ਸਾਜਿਦ ਅਕਰਮ ਦੀ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਮੌਤ ਹੋ ਗਈ, ਜਦੋਂਕਿ ਨਾਵੀਦ ਅਕਰਮ ਜ਼ਖਮੀ ਹੋ ਗਿਆ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਕਰਮ ਦੇ ਨਿਊ ਸਾਊਥ ਵੇਲਜ਼ ਡਰਾਈਵਿੰਗ ਲਾਇਸੈਂਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਸ਼ਾਮਲ ਸਾਜਿਦ ਅਕਰਮ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ, ਜਦੋਂਕਿ ਉਸ ਦਾ ਪੁੱਤਰ ਆਸਟਰੇਲੀਆ ਵਿੱਚ ਜਨਮਿਆ ਨਾਗਰਿਕ ਹੈ।
ਆਸਟਰੇਲੀਆ ਦੀ ਸਭ ਤੋਂ ਮਸ਼ਹੂਰ ਬੀਚ ’ਤੇ ਇਹ ਕਤਲੇਆਮ ਪਿਛਲੇ ਸਾਲ ਯਹੂਦੀ ਵਿਰੋਧੀ ਹਮਲਿਆਂ ਦੀ ਇੱਕ ਲਹਿਰ ਤੋਂ ਬਾਅਦ ਹੋਇਆ ਹੈ, ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਹਮਲਿਆਂ ਅਤੇ ਐਤਵਾਰ ਦੀ ਗੋਲੀਬਾਰੀ ਦਾ ਕੋਈ ਸੰਬੰਧ ਸੀ। ਇਹ ਸਖਤ ਬੰਦੂਕ ਕੰਟਰੋਲ ਕਾਨੂੰਨਾਂ ਵਾਲੇ ਮੁਲਕ ਵਿੱਚ ਲਗਭਗ ਤਿੰਨ ਦਹਾਕਿਆਂ ਵਿੱਚ ਸਭ ਤੋਂ ਘਾਤਕ ਸਮੂਹਕ ਗੋਲੀਬਾਰੀ ਸੀ। ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਕਿਹਾ ਕਿ ਸੁਰੱਖਿਆ ਸੇਵਾਵਾਂ ਵਾਲੇ ਇਕ ਬੰਦੂਕਧਾਰੀ ਨੂੰ ਜਾਣਦੇ ਸਨ, ਪਰ ਅਧਿਕਾਰੀਆਂ ਕੋਲ ਯੋਜਨਾਬੱਧ ਹਮਲੇ ਦਾ ਕੋਈ ਸੰਕੇਤ ਨਹੀਂ ਸੀ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕਿ੍ਰਸ ਮਿੰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਦੀ ਉਮਰ 10 ਤੋਂ 87 ਸਾਲ ਦੇ ਵਿਚਕਾਰ ਸੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੋਮਵਾਰ ਨੂੰ ਕਿਹਾ, ‘ਅਸੀਂ ਜੋ ਕੁਝ ਦੇਖਿਆ, ਉਹ ਬਹੁਤ ਬੁਰਾਈ ਦਾ ਕੰਮ ਸੀ, ਯਹੂਦੀ ਵਿਰੋਧੀ ਕਾਰਵਾਈ ਸੀ। ਇਹ ਸਾਡੇ ਦੇਸ਼ ਵਿੱਚ ਮਸ਼ਹੂਰ ਆਸਟਰੇਲੀਆਈ ਥਾਂ… ਬੌਂਡੀ ਬੀਚ ’ਤੇ ਅੱਤਵਾਦ ਦਾ ਕੰਮ ਸੀ। ਜੋ ਕੁਝ ਹੋਇਆ ਹੈ, ਉਸ ਨੇ ਇਸ ਥਾਂ ਨੂੰ ਹਮੇਸ਼ਾ ਲਈ ਦਾਗ਼ਦਾਰ ਕਰ ਦਿੱਤਾ ਹੈ।’