ਮੈਲਬੋਰਨ : ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਨੀਵਾਰ ਨੂੰ ਆਪਣੀ ਲੰਬੇ ਸਮੇਂ ਦੀ ਸਾਥੀ, ਜੋਡੀ ਹੇਡਨ ਨਾਲ ਵਿਆਹ ਕਰ ਲਿਆ। ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਇਤਿਹਾਸ ਵਿਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਅਹੁਦੇ ’ਤੇ ਰਹਿੰਦਿਆਂ ਵਿਆਹ ਕੀਤਾ। 62 ਸਾਲਾ ਅਲਬਾਨੀਜ਼ ਅਤੇ 46 ਸਾਲਾ ਹੇਡਨ ਨੇ ਰਾਜਧਾਨੀ ਕੈਨਬਰਾ ਵਿਚ ਪ੍ਰਧਾਨ ਮੰਤਰੀ ਦੇ ਨਿਵਾਸ ਦ ਲਾਜ ਦੇ ਬਾਗ਼ ਵਿਚ ਇਕ ਨਿੱਜੀ ਸਮਾਰੋਹ ਵਿਚ ਵਿਆਹ ਕੀਤਾ। ਇਸ ਸਮਾਰੋਹ ਵਿਚ ਸਿਰਫ਼ ਪਰਵਾਰਕ ਮੈਂਬਰ ਅਤੇ ਕੁਝ ਨਜ਼ਦੀਕੀ ਦੋਸਤ ਸ਼ਾਮਲ ਹੋਏ। ਵਿਆਹ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿਚ ਅਲਬਾਨੀਜ਼ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਆਪਣੇ ਪਰਵਾਰ ਅਤੇ ਅਜ਼ੀਜ਼ਾਂ ਦੀ ਮੌਜੂਦਗੀ ਵਿਚ ਅਸੀਂ ਇਕੱਠੇ ਰਹਿਣ ਦਾ ਪ੍ਰਣ ਲਿਆ ਹੈ। ਅਲਬਾਨੀਜ਼ ਨੇ ਸਿਰਫ਼ ਇਕ ਸ਼ਬਦ ਲਿਖ ਕੇ ਆਪਣੇ ਵਿਆਹ ਦੀ ਇਕ ਝਲਕ ਸਾਂਝੀ ਕੀਤੀ, ਵਿਆਹਿਆ ਹੋਇਆ। ਵੀਡੀਓ ਵਿਚ ਉਹ ਟਾਈ ਸੂਟ ਵਿਚ ਦਿਖਾਈ ਦਿੱਤੇ, ਜਦੋਂ ਕਿ ਹੇਡਨ ਨੇ ਚਿੱਟੇ ਰੰਗ ਦਾ ਗਾਊਨ ਪਹਿਨਿਆ।





