ਕਿਲੋਮੀਟਰ ਸਕੀਮ ’ਤੇ ਦੂਸਰੇ ਦਿਨ ਵੀ ਪ੍ਰਦਰਸ਼ਨ

0
39

ਪਟਿਆਲਾ/ਹੁਸ਼ਿਆਰਪੁਰ : ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਨੂੰ ਲੈ ਕੇ ਚੱਲ ਰਹੇ ਰੇੜਕੇ ਕਾਰਨ ਕੱਚੇ ਕਾਮਿਆਂ ਦਾ ਸੰਘਰਸ਼ ਦੂਜੇ ਦਿਨ ਵੀ ਜਾਰੀ ਰਿਹਾ। ਸਰਕਾਰੀ ਬੱਸਾਂ ਘੱਟ ਚੱਲਣ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਆਪਰੇਟਰਾਂ ’ਤੇ ਨਿਰਭਰ ਰਹਿਣਾ ਪਿਆ। ਮਹਿਲਾ ਯਾਤਰੀ, ਜੋ ਆਮ ਤੌਰ ’ਤੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਲੈਂਦੀਆਂ ਹਨ, ਨੇ ਕਿਹਾ ਕਿ ਸਰਕਾਰੀ ਸੇਵਾਵਾਂ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਟਿਕਟਾਂ ਖਰੀਦਣ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਦੇ ਕਈ ਠੇਕਾ ਕਰਮਚਾਰੀਆਂ ਨੂੰ ਕਿਲੋਮੀਟਰ-ਆਧਾਰਤ ਬੱਸ ਸਕੀਮ ਨਾਲ ਸੰਬੰਧਤ ਟੈਂਡਰ ਖੋਲ੍ਹਣ ਵਿਰੁੱਧ ਕੀਤੇ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਜਾਣ ਤੋਂ ਇੱਕ ਦਿਨ ਬਾਅਦ ਲੁਧਿਆਣਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਕਾਰਵਾਈ ਦੀ ਨਿੰਦਾ ਕੀਤੀ। ਹੁਸ਼ਿਆਰਪੁਰ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਚਾਰ ਆਗੂ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ, ਸਕੱਤਰ ਨਰਿੰਦਰ ਸਿੰਘ ਅਤੇ ਖ਼ਜ਼ਾਨਚੀ ਧਰਮਿੰਦਰ ਸਿੰਘ ਅਜੇ ਵੀ ਹਿਰਾਸਤ ਵਿੱਚ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਕਿਲੋਮੀਟਰ-ਸਕੀਮ ਦੇ ਟੈਂਡਰ ਰੱਦ ਨਹੀਂ ਕੀਤੇ ਜਾਂਦੇ ਅਤੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਧਰਨਾ ਅਤੇ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ, ਸਰਕਾਰ ਨੇ ਪੰਜਾਬ ਰੋਡਵੇਜ਼ ਨੂੰ ਇੱਕ ਵੀ ਨਵੀਂ ਬੱਸ ਮੁਹੱਈਆ ਨਹੀਂ ਕਰਵਾਈ। 500 ਤੋਂ ਵੱਧ ਪੁਰਾਣੀਆਂ ਬੱਸਾਂ ਸੜਕਾਂ ਤੋਂ ਉੱਤਰ ਚੁੱਕੀਆਂ ਹਨ ਅਤੇ ਜਿਹੜੀਆਂ ਅਜੇ ਵੀ ਚੱਲ ਰਹੀਆਂ ਹਨ, ਉਹ ਵੱਡੀਆਂ ਮੁਰੰਮਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਵਿਭਾਗ ਕੋਲ ਟਾਇਰਾਂ ਅਤੇ ਜ਼ਰੂਰੀ ਮੁਰੰਮਤ ਲਈ ਵੀ ਫੰਡ ਨਹੀਂ ਹਨ। ਪੰਜਾਬ ਰੋਡਵੇਜ਼, ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬੱਸ) ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਦੇ ਕਰਮਚਾਰੀਆਂ ਵੱਲੋਂ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹਿਣ ਕਾਰਨ ਸੂਬੇ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਰਹੀਆਂ।