ਪਟਿਆਲਾ : ਪ੍ਰਾਈਵੇਟ ਕੰਪਨੀਆਂ ਦੀ ਅਜ਼ਾਰੇਦਾਰੀ ਦੀ ਤਰਜਮਾਨੀ ਕਰਦੀ ‘ਕਿਲੋਮੀਟਰ ਸਕੀਮ’ ਦੇ ਵਿਰੋਧ ਅਤੇ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ‘ਪੀ ਆਰ ਟੀ ਸੀ, ਪੰਜਾਬ ਰੋਡਵੇਜ਼ ਅਤੇੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ’ ਵੱਲੋਂ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੜਤਾਲ਼ ਸਮਾਪਤ ਹੋ ਗਈ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਯੂਨੀਅਨ ਆਗੂਆਂ ਦੀ ਹੋਈ ਮੀਟਿੰਗ ਵਿੱਚ ਸਹਿਮਤੀ ਬਣੀ । ਉਨ੍ਹਾਂ ਕਿਹਾ ਕਿ ਉਹ ਕਿਲੋਮੀਟਰ ਸਕੀਮ ਦੀ ਪ੍ਰਕਿਰਿਆ ਵਿੱਚ ਦਾਖਲ ਨਹੀਂ ਦੇਣਗੇ। ਮੀਟਿੰਗ ਦੌਰਾਨ ਟਰਾਂਸਪੋਰਟ ਕਾਮਿਆਂ ਨੇ ਡਿਸਮਿਸ ਅਤੇ ਮੁਅੱਤਲ ਵਰਕਰਾਂ ਦੀ ਬਹਾਲੀ ਸਮੇਤ ਦਰਜ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ । ਦੱਸ ਦਈਏ ਕਿ ਇਹ ਹੜਤਾਲ ਐਤਵਾਰ ਤੀਜੇ ਦਿਨ ਵੀ ਜਾਰੀ ਰਹੀ ਜਿਸ ਕਾਰਨ ਤੀਜੇ ਦਿਨ ਵੀ ਲੋਕ ਖੱਜਲ-ਖੁਆਰ ਹੋਏ ਸਨ। ਇਹ ਵੱਖਰੀ ਗੱਲ ਹੈ ਕਿ ਸਰਕਾਰ ਵਧੇਰੇ ਬੱਸਾਂ ਚਲਾਉਣ ’ਚ ਕਾਮਯਾਬ ਰਹੀ ਹੈ।



