ਪਤੰਜਲੀ ਨੂੰ ਘਟੀਆ ਘਿਓ ਵੇਚਣ ’ਤੇ ਜੁਰਮਾਨਾ

0
72

ਚੰਡੀਗੜ੍ਹ : ਬਾਬਾ ਰਾਮਦੇਵ ਵੱਲੋਂ ਸਥਾਪਤ ਵਪਾਰਕ ਭੋਜਨ ਅਤੇ ਖਪਤਕਾਰ ਵਸਤੂਆਂ ਦੀ ਫਰਮ ਪਤੰਜਲੀ ਆਯੁਰਵੇਦ ਲਿਮਟਿਡ ਅਤੇ ਇਸ ਨਾਲ ਜੁੜੇ ਦੋ ਕਾਰੋਬਾਰਾਂ ’ਤੇ ਉੱਤਰਾਖੰਡ ਦੇ ਫੂਡ ਸੇਫਟੀ ਅਤੇ ਡਰੱਗ ਐਡਮਨਿਸਟਰੇਸ਼ਨ ਵੱਲੋਂ ਸਾਂਝੇ ਤੌਰ ’ਤੇ 1.4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਕਿਉਂਕਿ ਪਤੰਜਲੀ ਦਾ ਗਊ ਘਿਓ ਵਾਰ-ਵਾਰ ਫੂਡ ਸੇਫਟੀ ਟੈਸਟਾਂ ਵਿੱਚ ਫੇਲ੍ਹ ਹੋ ਗਿਆ। ਅਕਤੂਬਰ 2020 ਵਿੱਚ ਇੱਕ ਰੁਟੀਨ ਜਾਂਚ ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਦੀ ਜਾਂਚ ਰੁਦਰਪੁਰ ਵਿੱਚ ਰਾਜ ਦੀ ਪ੍ਰਯੋਗਸ਼ਾਲਾ ਅਤੇ ਗਾਜ਼ੀਆਬਾਦ ਵਿੱਚ ਨੈਸ਼ਨਲ ਫੂਡ ਲੈਬੋਰੇਟਰੀ ਦੋਵਾਂ ਵਿੱਚ ਕੀਤੀ ਗਈ। ਰਿਪੋਰਟਾਂ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਨਤੀਜਿਆਂ ਨੇ ਦਰਸਾਇਆ ਕਿ ਵਸਤੂਆਂ ਘਟੀਆ ਗੁਣਵੱਤਾ ਦੀਆਂ ਸਨ ਅਤੇ ਖਪਤ ਲਈ ਸੰਭਾਵੀ ਤੌਰ ’ਤੇ ਨੁਕਸਾਨਦੇਹ ਸਨ। ਰਿਪੋਰਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਮਾਮਲਾ ਫਰਵਰੀ 2022 ਵਿੱਚ ਐਡਜੂਡੀਕੇਟਿੰਗ ਅਫ਼ਸਰ ਪਿਥੌਰਾਗੜ੍ਹ ਅੱਗੇ ਪੇਸ਼ ਕੀਤਾ ਗਿਆ, ਜਿਸ ਨੇ ਪਤੰਜਲੀ ’ਤੇ 1 ਲੱਖ ਰੁਪਏ, ਡਿਸਟਰੀਬਿਊਟਰ ’ਤੇ 25,000 ਰੁਪਏ ਅਤੇ ਰਿਟੇਲਰ ’ਤੇ 15,000 ਰੁਪਏ ਦਾ ਜੁਰਮਾਨਾ ਲਗਾਇਆ। 2020 ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਕਾਸਨੀ ਖੇਤਰ ਵਿੱਚ ਇੱਕ ਜਨਰਲ ਸਟੋਰ ਤੋਂ ਇੱਕ ਰੁਟੀਨ ਜਾਂਚ ਦੌਰਾਨ ਘਿਓ ਦਾ ਨਮੂਨਾ ਇਕੱਠਾ ਕੀਤਾ ਗਿਆ ਸੀ। ਰੁਦਰਪੁਰ ਦੀ ਲੈਬ ਦੀ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਘਿਓ ਨਿਰਧਾਰਤ ਭੋਜਨ ਸੁਰੱਖਿਆ ਮਾਪਦੰਡਾਂ ’ਤੇ ਖਰਾ ਨਹੀਂ ਉਤਰਿਆ ਅਤੇ ਇਸ ਦੀ ਖਪਤ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।
ਰੁਦਰਪੁਰ ਲੈਬ ਦੀਆਂ ਖੋਜਾਂ ਤੋਂ ਬਾਅਦ 2021 ਵਿੱਚ ਅਧਿਕਾਰੀਆਂ ਵੱਲੋਂ ਪਤੰਜਲੀ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ। ਕੁਝ ਦੇਰੀ ਤੋਂ ਬਾਅਦ ਪਤੰਜਲੀ ਦੇ ਨੁਮਾਇੰਦਿਆਂ ਨੇ ਖੁਦ ਇੱਕ ਕੇਂਦਰੀ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੀ ਮੁੜ ਜਾਂਚ ਲਈ ਬੇਨਤੀ ਕੀਤੀ ਸੀ।