ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਅਗਲੇ ਹਫਤੇ ਆਪਣੀ ਪਾਰਟੀ ਸਣੇ ਭਾਜਪਾ ’ਚ ਸ਼ਾਮਲ ਹੋਣਗੇ। ਪਾਰਟੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਦਿੱਲੀ ’ਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਭਾਜਪਾ ’ਚ ਸ਼ਾਮਲ ਹੋਣਗੇ। ਕੈਪਟਨ ਦੇ ਕਰੀਬੀ ਸੂਤਰ ਮੁਤਾਬਕ ਰਲੇਵਾਂ 19 ਸਤੰਬਰ ਨੂੰ ਹੋਵੇਗਾ।
ਦੱਸਿਆ ਜਾਂਦਾ ਹੈ ਕਿ ਕੁਝ ਸਾਬਕਾ ਵਿਧਾਇਕਾਂ ਸਣੇ ਛੇ ਆਗੂ ਕੈਪਟਨ ਦੇ ਨਾਲ ਭਾਜਪਾ ਵਿਚ ਸ਼ਾਮਲ ਹੋਣਗੇ। ਕੈਪਟਨ ਵੱਲੋਂ 30 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾ ਦੀ ਪਾਰਟੀ ਦੇ ਭਾਜਪਾ ਵਿਚ ਰਲੇਵੇਂ ਦੀਆਂ ਖਬਰਾਂ ਚੱਲੀਆਂ ਸਨ।
80 ਸਾਲਾ ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਿਛਲੇ ਸਾਲ 2 ਨਵੰਬਰ ਨੂੰ ਕਾਂਗਰਸ ਨਾਲੋਂ 40 ਸਾਲਾ ਨਾਤਾ ਤੋੜ ਕੇ ਪੰਜਾਬ ਲੋਕ ਕਾਂਗਰਸ ਬਣਾਈ ਸੀ। ਉਹ 20 ਫਰਵਰੀ ਨੂੰ ਹੋਈਆਂ ਅਸੰਬਲੀ ਚੋਣਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕਰਕੇ ਲੜੇ ਸੀ, ਪਰ ਉਨ੍ਹਾ ਸਣੇ ਉਨ੍ਹਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ ਸੀ। ਕੈਪਟਨ ਦੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਸਨ। ਉਸਨੂੰ 84697 ਵੋਟਾਂ ਪਈਆਂ ਸਨ ਜਦਕਿ ਨੋਟਾ ਦਾ ਬਟਨ 110308 ਵੋਟਰਾਂ ਨੇ ਦਬਾਇਆ ਸੀ। ਉਸਦੇ ਪੰਜ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜੇ ਸਨ। ਭਾਜਪਾ ਦੋ ਸੀਟਾਂ ਜਿੱਤੀ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪੱਲੇ ਕੋਈ ਸੀਟ ਨਹੀਂ ਪਈ ਸੀ। ਭਾਜਪਾ ਦੀ ਕੌਮੀ ਐਗਜ਼ੈਕਟਿਵ ਦੇ ਮੈਂਬਰ ਹਰਜੀਤ ਗਰੇਵਾਲ ਕਹਿ ਚੁੱਕੇ ਹਨ ਕਿ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਰਲੇਵੇਂ ਦਾ ਫੈਸਲਾ ਕੈਪਟਨ ਦੇ ਲੰਡਨ ਇਲਾਜ ਕਰਾਉਣ ਲਈ ਜਾਣ ਤੋਂ ਪਹਿਲਾਂ ਹੋ ਗਿਆ ਸੀ ਤੇ ਵਾਪਸੀ ’ਤੇ ਹੀ ਐਲਾਨ ਹੋਣਾ ਸੀ।