ਪਟਿਆਲਾ : ਇੱਥੇ ਸ਼ੁੱਕਰਵਾਰ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਇੱਕ ਹਜ਼ਾਰ ਤੋਂ ਵੱਧ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਭਰਪੂਰ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਨੂੰ 13 ਮੰਗਾਂ ਦਾ ਮੰਗ ਪੱਤਰ ਦਿੱਤਾ। ਜਿਹੜਾ ਕਿ ਡਿਪਟੀ ਕਮਿਸ਼ਨਰ ਦੀ ਤਰਫੋਂ ਤਹਿਸੀਲਦਾਰ ਨੇ ਵਸੂਲ ਪਾਇਆ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਸਰਵਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਸੋਹਣ ਲਾਲ, ਇੰਦਰਪਾਲ ਸਿੰਘ ਅਤੇ ਮੁਹੰਮਦ ਖਲੀਲ ਨੇ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਨੂੰ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ 300 ਕਰੋੜ ਰੁਪਏ ਨਾ ਦੇਣ ਕਰਕੇ ਵਰਕਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਪਿਛਲੇ 5 ਮਹੀਨਿਆਂ ਤੋਂ ਕਦੇ ਵੀ ਸਮੇਂ ਸਿਰ ਨਹੀਂ ਮਿਲੀਆਂ। ਪਿਛਲੇ ਮਹੀਨੇ ਵੀ ਇੱਕ ਮਹੀਨਾ ਲੇਟ ਅਦਾਇਗੀ ਹੋਈ। ਇਸ ਵਾਰੀ ਫਿਰ ਅੱਧੀ ਤਨਖਾਹ ਪੈਨਸ਼ਨ ਹੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਕਿਸਮ ਦੇ ਸੇਵਾ-ਮੁਕਤ ਵਰਕਰਾਂ ਦੇ ਬਕਾਏ, ਮੈਡੀਕਲ ਬਿੱਲ ਅਤੇ ਹੋਰ ਹਰ ਕਿਸਮ ਦੇ ਬਕਾਏ ਉੱਕਾ ਹੀ ਨਹੀਂ ਦਿੱਤੇ ਜਾ ਰਹੇ। ਆਗੂਆਂ ਨੇ ਕਿਹਾ ਕਿ ਪੀ.ਆਰ.ਟੀ.ਸੀ. ਨੂੰ ਸਰਕਾਰ ਵੱਲੋਂ ਦਿੱਤੀ ਮੁਫਤ ਸਫਰ ਸਹੂਲਤਾਂ ਦਾ 40 ਕਰੋੜ ਰੁਪਿਆ ਪ੍ਰਤੀ ਮਹੀਨੇ ਦਾ ਬੋਝ ਉਠਾਉਣਾ ਪੈ ਰਿਹਾ ਹੈ। ਸਰਕਾਰ ਦੇ ਆਈ.ਏ.ਐੱਸ. ਅਧਿਕਾਰੀ ਸਕੱਤਰ, ਸਮਾਜ ਭਲਾਈ ਵਿਭਾਗ ਵੱਲੋਂ ਗਲਤ ਇਤਰਾਜ਼ ਲਾ ਕੇ ਪੀ.ਆਰ.ਟੀ.ਸੀ. ਨੂੰ ਮਿਲਣ ਵਾਲੇ ਪੈਸੇ ਦੀਆਂ ਫਾਈਲਾਂ ਰੋਕੀਆਂ ਜਾਂਦੀਆਂ ਹਨ, ਪਰ ਸਰਕਾਰ ਵੀ ਅਜਿਹੇ ਗਰੀਬ ਵਿਰੋਧੀ ਅਧਿਕਾਰੀ ਦੀ ਜਾਣ-ਬੁੱਝ ਕੇ ਪੁੱਛਗਿੱਛ ਨਹੀਂ ਕਰਦੀ, ਹੋ ਸਕਦਾ ਸਰਕਾਰ ਦਾ ਹੀ ਲਟਕਾਉਣ ਦਾ ਇਸ਼ਾਰਾ ਹੋਵੇ। ਬੁਲਾਰਿਆ ਨੇ ਇਸ ਤੋਂ ਇਲਾਵਾ ਜਿਹਨਾਂ ਹੋਰ ਮੰਗਾਂ ਦਾ ਜ਼ਿਕਰ ਕੀਤਾ, ਉਹਨਾਂ ਵਿੱਚ ਕੰਟਰੈਕਟ, ਆਊਟਸੋਰਸ ਵਰਕਰਾਂ ਨੂੰ ਪੱਕੇ ਕਰਨਾ, 200 ਕਰੋੜ ਰੁਪਏ ਦੀ ਸਪੈਸ਼ਲ ਗਰਾਂਟ ਸਰਕਾਰ ਵੱਲੋਂ ਅਦਾਰੇ ਨੂੰ ਦੇਣ ਦੀ ਮੰਗ, ਪ੍ਰਾਈਵੇਟ ਬੱਸ ਮਾਫੀਆ ਖਤਮ ਕਰਨ ਸੰਬੰਧੀ, ਪੁਰਾਣੀ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿੰਦੇ ਵਰਕਰਾਂ ਨੂੰ ਪੈਨਸ਼ਨ ਦਾ ਮੈਂਬਰ ਬਣਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਸਰਕਾਰੀ ਖਜ਼ਾਨੇ ਵਿੱਚੋਂ ਕਰਨਾ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣਾ ਅਤੇ ਪੀ.ਆਰ.ਟੀ.ਸੀ. ਵਿੱਚ ਆਪਣੀ ਮਾਲਕੀ ਵਾਲੀਆਂ 500 ਨਵੀਆਂ ਬੱਸਾਂ ਪਾਉਣਾ ਆਦਿ ਸ਼ਾਮਲ ਸਨ। ਰੈਲੀ ਦੇ ਅੰਤ ਵਿੱਚ ਐਲਾਨ ਕੀਤਾ ਗਿਆ ਕਿ 27 ਸਤੰਬਰ ਤੋਂ ਇੱਕ ਹਫਤੇ ਤੱਕ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਪੀ.ਆਰ.ਟੀ.ਸੀ. ਦੇ ਵਿੱਤੀ ਹਾਲਾਤ ਤੋਂ ਜਾਣੂ ਕਰਵਾਉਂਦੇ ਮੰਗ ਪੱਤਰ ਡੈਪੂਟੇਸ਼ਨਾਂ ਰਾਹੀਂ ਦਿੱਤੇ ਜਾਣਗੇ।
ਰੈਲੀ ਨੂੰ ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਕਰਮਚੰਦ ਗਾਂਧੀ ਏਟਕ, ਜਰਨੈਲ ਸਿੰਘ, ਗੰਡਾ ਸਿੰਘ, ਸੁੱਚਾ ਸਿੰਘ, ਉਤਮ ਸਿੰਘ ਬਾਗੜੀ, ਨਸੀਬ ਚੰਦ ਅਤੇ ਜਰਨੈਲ ਸਿੰਘ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸੁਖਦੇਵ ਸੁੱਖੀ ਨੇ ਨਿਭਾਈ।