ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ ਨੇ ਸੋਮਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਵਾਰ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ਸੂਬੇ ਦੇ ਸਰੋਤਾਂ ਨੂੰ ਲੁੱਟਣ ਦੀ ਦੋ ਦਹਾਕਿਆਂ ਤੋਂ ਚੱਲ ਰਹੀ ਸਾਜ਼ਿਸ਼ ਲਈ ਜ਼ਿੰਮੇਵਾਰ ਠਹਿਰਾਇਆ।ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਅਤੇ ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਗਏ ਆਗੂ, ਜਿਨ੍ਹਾਂ ਵਿੱਚ ਦੋ ਵਾਰ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾ ਦੇ ਸਾਂਢੂ ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹਨ, ਇੱਕ ਵਾਰ ਫਿਰ ਸੱਤਾ ਵਿੱਚ ਵਾਪਸੀ ਦੇ ਸੁਪਨੇ ਦੇਖ ਰਹੇ ਹਨ। ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹੁਣ ਇਨ੍ਹਾਂ ਦੋ ਪਰਵਾਰਾਂ ਦੀ ਲੁੱਟ ਦੀ ਰਾਜਨੀਤੀ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ।
ਇਸ ਗੱਲ ਦਾ ਵੇਰਵਾ ਦਿੰਦਿਆਂ ਕਿ ਕਿਵੇਂ ਦੋਵਾਂ ਪਰਵਾਰਾਂ ਨੇ 2002 ਤੋਂ 2022 ਦਰਮਿਆਨ ਵਾਰੀ-ਵਾਰੀ ਸੱਤਾ ਸੰਭਾਲੀ, ਯੋਜਨਾਬੱਧ ਢੰਗ ਨਾਲ ਆਪਣੀਆਂ ਜੇਬਾਂ ਭਰੀਆਂ ਅਤੇ ਇੱਕ-ਦੂਜੇ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ, ਚੀਮਾ ਨੇ ਖੁਲਾਸਾ ਕੀਤਾ ਕਿ 2002-2007 ਦੀ ਕੈਪਟਨ ਸਰਕਾਰ ਦੌਰਾਨ ਬਾਦਲ ਪਰਵਾਰ ਵਿਰੁੱਧ ਲਗਭਗ 4000 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਨਾਲ ਸੰਬੰਧਤ ਕੇਸ ਦਰਜ ਕੀਤੇ ਗਏ ਸਨ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਜਾਣਬੁੱਝ ਕੇ ਇਨ੍ਹਾਂ ਕੇਸਾਂ ਦੀ ਕਾਰਵਾਈ ਵਿੱਚ ਦੇਰੀ ਕੀਤੀ। ਜਦੋਂ 2007 ਵਿੱਚ ਅਕਾਲੀ-ਭਾਜਪਾ ਸਰਕਾਰ ਆਈ ਤਾਂ ਸਾਰੇ ਕੇਸ ਤੁਰੰਤ ਖਾਰਜ ਕਰ ਦਿੱਤੇ ਗਏ। ਉਹਨਾ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ, ‘ਇਹ ਕੋਈ ਇਤਫ਼ਾਕ ਨਹੀਂ ਸੀ, ਇਹ ਬਾਦਲ ਅਤੇ ਕੈਪਟਨ ਪਰਵਾਰਾਂ ਵਿਚਕਾਰ ਇੱਕ-ਦੂਜੇ ਨੂੰ ਸੁਰੱਖਿਅਤ ਰੱਖਣ ਅਤੇ ਸੂਬੇ ਦੀ ਲੁੱਟ ਨੂੰ ਆਸਾਨ ਬਣਾਉਣ ਲਈ ਇੱਕ ਡੂੰਘਾ, ਲੁਕਵਾਂ ਸਮਝੌਤਾ ਸੀ।’
ਵਿੱਤ ਮੰਤਰੀ ਨੇ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਦੋਵਾਂ ਪਰਵਾਰਾਂ ਦੀਆਂ ਸਰਕਾਰਾਂ ਦੀ ਨਾਕਾਮੀ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਸੱਤਾ ਦੇ ਹੰਕਾਰ ਕਾਰਨ ਘਟਨਾਵਾਂ ਵਾਪਰਨ ਦੇਣ ਲਈ ਬਾਦਲ ਪਰਵਾਰ ਨੂੰ ਲੰਮੇ ਹੱਥੀਂ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ 2017 ਵਿੱਚ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਝੂਠਾ ਵਾਅਦਾ ਕਰਨ ਲਈ ਤਿੱਖਾ ਨਿਸ਼ਾਨਾ ਸਾਧਿਆ। ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨਾਂ ਦੀ ਵਰਤੋਂ ਸਿਰਫ਼ ਪੰਚਾਇਤੀ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਕੀਤੀ, ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਕਰਨ ਵਿੱਚ ਅਸਫਲ ਰਹੇ।
ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਭਰੋਸੇਯੋਗਤਾ ’ਤੇ ਹਮਲਾ ਕਰਦਿਆਂ ਵਿੱਤ ਮੰਤਰੀ ਨੇ ਉਨ੍ਹਾ ਨੂੰ ‘ਦਲ-ਬਦਲੀ ਦਾ ਮਾਸਟਰ’ ਕਰਾਰ ਦਿੱਤਾ, ਜਿਸ ਵਿੱਚ ਉਨ੍ਹਾਂ ਦੇ ਅਕਾਲੀ ਦਲ ਤੋਂ ਕਾਂਗਰਸ ਤੱਕ ਦੇ ਸਫ਼ਰ, ਆਪਣੀ ਪਾਰਟੀ ਬਣਾਉਣ ਅਤੇ ਅੰਤ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਉਜਾਗਰ ਕੀਤਾ। ਚੀਮਾ ਨੇ ‘ਆਪ’ ਦੇ ਪੁਰਾਣੇ ਦਾਅਵੇ ਨੂੰ ਦੁਹਰਾਇਆ ਕਿ ਆਪਣੇ 2017-2022 ਦੇ ਕਾਰਜਕਾਲ ਦੌਰਾਨ ਕਿਵੇਂ ਕੈਪਟਨ ਅਮਰਿੰਦਰ ਨੇ ਕਾਂਗਰਸ ਨਾਲੋਂ ਭਾਜਪਾ ਦੇ ਮੁੱਖ ਮੰਤਰੀ ਵਜੋਂ ਜ਼ਿਆਦਾ ਕੰਮ ਕੀਤਾ। ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਇੱਕ ਦੁਸ਼ਮਣ ਦੇਸ਼ ਦੀ ਔਰਤ ਨਾਲ ਆਪਣੇ ਸੰਬੰਧਾਂ, ਇੱਕ ਅਜਿਹਾ ਰਿਸ਼ਤਾ, ਜੋ ਸੰਵਿਧਾਨਕ ਅਹੁਦੇ ’ਤੇ ਬੈਠੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਹੈ, ਤੋਂ ਪੈਦਾ ਹੋਈਆਂ ਕੌਮੀ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਕੇਂਦਰੀ ਭਾਜਪਾ ਸਰਕਾਰ ਦੇ ਅਧੀਨ ਸਨ।ਵਿੱਤ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾ ਕਿਹਾ ਕਿ ‘ਆਪ’ ਸਰਕਾਰ ਦੇ ਅਧੀਨ ਪੰਜਾਬ ਦੇ 3 ਕਰੋੜ ਲੋਕਾਂ ਨੂੰ ਨਸ਼ਾ, ਸ਼ਰਾਬ ਅਤੇ ਰੇਤ ਮਾਫੀਆ ਤੋਂ ਰਾਹਤ ਮਿਲੀ ਹੈ, ਜੋ ਪਿਛਲੀਆਂ ਸਰਕਾਰਾਂ ਦੌਰਾਨ ਵਧ-ਫੁੱਲ ਰਿਹਾ ਸੀ। ਸਿਆਸੀ ਪਰਵਾਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾਇਹ ਲੋਕ ਸੋਚਦੇ ਹਨ ਕਿ ਪੰਜਾਬੀ ਉਨ੍ਹਾਂ ਦੀਆਂ ਧੋਖੇਬਾਜ਼ ਚਾਲਾਂ ਨੂੰ ਭੁੱਲ ਗਏ ਹਨ, ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਪੰਜਾਬੀ 20 ਸਾਲ ਬਾਅਦ ਵੀ ਬਦਲਾ ਲੈਂਦੇ ਹਨ। ਲੋਕ ਕਦੇ ਨਹੀਂ ਭੁੱਲਣਗੇ ਕਿ ਕਿਵੇਂ ਇਨ੍ਹਾਂ ਆਗੂਆਂ ਨੇ, ਜੋ ਪਰਦੇ ਪਿੱਛੇ ਇੱਕਜੁੱਟ ਸਨ, ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁੰਝਲਦਾਰ ਸਾਜ਼ਿਸ਼ਾਂ ਚਲਾਈਆਂ, ਕਿਵੇਂ ਉਨ੍ਹਾਂ ਸੂਬੇ ਦੀ ਦੌਲਤ ਨੂੰ ਲੁੱਟਿਆ ਅਤੇ ਕਿਵੇਂ ਪਵਿੱਤਰ ਪੰਥਕ ਅਹੁਦਿਆਂ ਉੱਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਫਿਰ ਸੁਖਬੀਰ ਸਿੰਘ ਬਾਦਲ ਦੁਆਰਾ ਆਪਣੇ ਚਹੇਤੇ ਥਾਪੇ ਗਏ। ‘ਆਪ’ ਸਰਕਾਰ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਪਰਵਾਰਾਂ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਾ ਹੋਣ।




