ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਕਿ ਦਿੱਲੀ-ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸਿਰਫ ਸਰਦੀਆਂ ਦੇ ਮਹੀਨਿਆਂ ਦੌਰਾਨ ਸੁਣਵਾਈ ਨਾ ਹੋਵੇ ਬਲਕਿ ਇਸ ਗੰਭੀਰ ਮਾਮਲੇ ਦੇ ਸਥਾਈ ਹੱਲ ਲਈ ਹਰ ਮਹੀਨੇ ਦੋ ਵਾਰ ਵਿਚਾਰ ਕੀਤਾ ਜਾਵੇ। ਚੀਫ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਪਰਾਲੀ ਸਾੜਨ ਦਾ ਮੁੱਦਾ ਬੇਲੋੜਾ ਰਾਜਨੀਤਕ ਮੁੱਦਾ ਜਾਂ ਹੰਕਾਰ ਦਾ ਮੁੱਦਾ ਨਹੀਂ ਬਣਨਾ ਚਾਹੀਦਾ। ਚੀਫ ਜਸਟਿਸ ਨੇ ਕਿਹਾ, ‘ਕੋਵਿਡ ਦੌਰਾਨ ਪਰਾਲੀ ਸਾੜਨ ਦਾ ਕੰਮ ਚਲਦਾ ਰਿਹਾ ਪਰ ਉਸ ਵੇਲੇ ਲੋਕਾਂ ਨੇ ਸਾਫ ਤੇ ਨੀਲਾ ਅਸਮਾਨ ਕਿਉਂ ਦੇਖਿਆ। ਅਸੀਂ ਪਰਾਲੀ ਸਾੜਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।’ ਸੀਜੇਆਈ ਨੇ ਕਿਹਾ ਕਿ ਪਰਾਲੀ ਸਾੜਨ ਦੇ ਮੁੱਦੇ ਨੂੰ ਬੇਲੋੜਾ ਰਾਜਨੀਤਕ ਮੁੱਦਾ ਜਾਂ ਹੰਕਾਰ ਦਾ ਮੁੱਦਾ ਨਹੀਂ ਬਣਨਾ ਚਾਹੀਦਾ। ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਕਾਰਕਾਂ ਦੀ ਵੀ ਨਿਸ਼ਾਨਦੇਹੀ ਕਰ ਕੇ ਸਥਾਈ ਹੱਲ ਕੱਢਣਾ ਚਾਹੀਦਾ ਹੈ।
ਪੰਜਾਬ ’ਚ ਵੱਧ ਠੰਢ ਪਏਗੀ
ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਰਤੁੰਜਯ ਮਹਾਪਾਤਰਾ ਨੇ ਸੋਮਵਾਰ ਕਿਹਾ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਠੰਢ ਵਧੇਗੀ। ਉਨ੍ਹਾ ਕਿਹਾ ਕਿ ਆਉਣ ਵਾਲੇ ਸਰਦੀਆਂ ਦੇ ਮੌਸਮ (ਦਸੰਬਰ 2025 ਤੋਂ ਫਰਵਰੀ 2026) ਦੌਰਾਨ ਮੱਧ ਭਾਰਤ ਅਤੇ ਨਾਲ ਲੱਗਦੇ ਪ੍ਰਾਇਦੀਪ ਅਤੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟ ਤਾਪਮਾਨ ਰਹਿਣ ਦੀ ਸੰਭਾਵਨਾ ਹੈ।





