ਗਿਆਨ ਸੈਦਪੁਰੀ ਤਹਿਸੀਲ ਸਕੱਤਰ ਬਣੇ
ਸ਼ਾਹਕੋਟ (ਪੱਤਰ ਪ੍ਰੇਰਕ)
‘ਵੱਖ-ਵੱਖ ਭਾਈਚਾਰਿਆਂ ਅੰਦਰ ਫਿਰਕੂ ਜ਼ਹਿਰ ਫੈਲਾਉਣ, ਇੱਕ ਵਿਸ਼ੇਸ਼ ਭਾਈਚਾਰੇ ਨੂੰ ਸਰਕਾਰੀ ਪੱਧਰ ’ਤੇ ਦਬਾਉਣ, ਮਜ਼ਦੂਰ ਵਰਗ ਲਈ ਕੁਝ ਰਾਹਤ ਦਿੰਦੀ ਮਨਰੇਗਾ ਸਕੀਮ ਨੂੰ ਖਤਮ ਕਰਨ ਤੇ ਕਿਸਾਨਾਂ ਦੇ ਮਸਲਿਆਂ ਨੂੰ ਅਣਡਿੱਠ ਕਰਨ ਦੇ ਇਸ ਦੌਰ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਹੋਂਦ ਵਿੱਚ ਆਉਣੀ ਬੇਹੱਦ ਜ਼ਰੂਰੀ ਹੋ ਗਈ ਹੈ। ਇਸ ਮਾਮਲੇ ਲਈ ਜਮਹੂਰੀ ਤੇ ਕਮਿਊਨਿਸਟ ਧਿਰਾਂ ਨੂੰ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਕੇ ਅੱਗੇ ਵਧਣਾ ਸਮੇਂ ਦੀ ਮੰਗ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਕੀਤਾ। ਉਹ ਸੀ ਪੀ ਆਈ ਤਹਿਸੀਲ ਸ਼ਾਹਕੋਟ ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਲੰਘੇ ਸਤੰਬਰ ਮਹੀਨੇ ਵਿੱਚ ਹੋਈ ਪਾਰਟੀ ਕਾਂਗਰਸ ਵਿੱਚ ਇਸ ਗੱਲ ਦਾ ਅਹਿਦ ਕੀਤਾ ਗਿਆ ਕਿ ਪਾਰਟੀ ਨੂੰ ਬਰਾਂਚ ਪੱਧਰ ’ਤੇ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਕੈਲੇ ਤਹਿਸੀਲ ਕਾਨਫਰੰਸ ਵਿੱਚ ਅਬਜ਼ਰਵਰ ਵਜੋਂ ਸ਼ਾਮਿਲ ਹੋਏ ਸਨ। ਸੀ ਪੀ ਆਈ (ਐੱਮ) ਦੇ ਆਗੂ ਵਰਿੰਦਰ ਪਾਲ ਕਾਲਾ ਨੇ ਭਰਾਤਰੀ ਸੰਦੇਸ਼ ਵਿੱਚ ਸੀ ਪੀ ਆਈ ਦੇ ਵਧਣ-ਫੁੱਲਣ ਦੀ ਕਾਮਨਾ ਕੀਤੀ। ਦੂਸਰੇ ਅਬਜ਼ਰਵਰ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਐਗਜ਼ੈਕਟਿਵ ਮੈਂਬਰ ਸਿਕੰਦਰ ਸੰਧੂ ਨੇ ਆਪਣੇ ਸੰਬੋਧਨ ਵਿੱਚ ਪਾਰਟੀ ਕਾਰਕੁਨਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੇ ਸਮੇਂ ਦੇ ਕੰਮਾਂ ਦੀ ਰਿਪੋਰਟ ਗਿਆਨ ਸੈਦਪੁਰੀ ਨੇ ਪੇਸ਼ ਕੀਤੀ। ਰਿਪੋਰਟ ਸਰਬਸੰਮਤੀ ਨਾਲ ਪਾਸ ਹੋਈ। ਉਪਰੰਤ ਤਹਿਸੀਲ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਕਮੇਟੀ ਦੇ 15 ਮੈਂਬਰਾਂ ਵਿੱਚ ਗੁਰਜੀਤ ਸਿੰਘ ਫਤਿਹਪੁਰ, ਸੁਖਦੇਵ ਸਿੰਘ ਧੰਜੂ, ਸੁਨੀਲ ਕੁਮਾਰ, ਗਿਆਨ ਸੈਦਪੁਰੀ, ਰਜਿੰਦਰ ਕੁਮਾਰ ਹੈਪੀ, ਸਵਰਨ ਸਿੰਘ ਕਾਕੜ ਕਲਾਂ, ਸੁਰੇਸ਼ ਕੁਮਾਰ, ਕੁਲਵੰਤ ਸਿੰਘ, ਸੁਰਜੀਤ ਸਿੰਘ ਪੂਨੀਆ, ਡਾ. ਮੁਖਤਿਆਰ ਸਿੰਘ ਰਾਜੇਵਾਲ, ਬਲਵਿੰਦਰ ਸਿੰਘ ਸੈਦਪੁਰ, ਸਵਰਨ ਸਿੰਘ ਭੋਇਪੁਰੀ ਤੇ ਬਲਦੇਵ ਸਿੰਘ ਭੋਏਪੁਰੀ ਸ਼ਾਮਿਲ ਹਨ। ਰਕੇਸ਼ ਕੁਮਾਰ ਅਤੇ ਕੁਲਦੀਪ ਸਿੰਘ ਨੂੰ ਇਨਵਾਇਟੀ ਮੈਂਬਰ ਚੁਣਿਆ ਗਿਆ।
ਇਹਨਾਂ ਮੈਂਬਰਾਂ ਨੇ ਸਰਬਸੰਮਤੀ ਨਾਲ ਗਿਆਨ ਸੈਦਪੁਰੀ ਨੂੰ ਸਕੱਤਰ, ਗੁਰਜੀਤ ਸਿੰਘ ਫਤਿਹਪੁਰੀ ਤੇ ਰਜਿੰਦਰ ਕੁਮਾਰ ਹੈਪੀ ਨੂੰ ਸਹਾਇਕ ਸਕੱਤਰ ਤੇ ਸੁਨੀਲ ਕੁਮਾਰ ਨੂੰ ਵਿੱਤ ਸਕੱਤਰ ਚੁਣਿਆ। ਜ਼ਿਲ੍ਹਾ ਕਾਨਫਰੰਸ ਲਈ 15 ਡੈਲੀਗੇਟਾਂ ਦੀ ਚੋਣ ਕੀਤੀ ਗਈ। ਹਰਦੇਵ ਸਿੰਘ ਤੇ ਰਣਜੀਤ ਨੂੰ ਬਦਲਵੇਂ ਡੈਲੀਗੇਟਾਂ ਵਿੱਚ ਚੁਣਿਆ ਗਿਆ।ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅਬਜ਼ਰਵਰ ਰਸ਼ਪਾਲ ਕੈਲੇ ਅਤੇ ਸਿਕੰਦਰ ਸੰਧੂ ਨੂੰ ਲੋਈ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਤ ਕੀਤਾ।





